Tue, 18 June 2024
Your Visitor Number :-   7118965
SuhisaverSuhisaver Suhisaver

ਬੁੱਢਾ ਬੋਹੜ -ਨੁਜ਼ਹੱਤ ਅਬਾਸ

Posted on:- 05-11-2013

suhisaver

ਅੱਜ ਜੈਨ ਨਾਲ਼ ਬੜੇ ਦਿਨਾਂ ਪਿੱਛੋਂ ਮਿਲਣ ਹੋਇਆ। ਉਹ ਆਪਣੇ ਖੌਂਦ ਸਾਇਮਨ ਨੂੰ ਕਿਦਰੇ ਬਾਹਰ ਤਾਜ਼ਾ ਹਵਾ ਲਈ ਸੈਰ ਵਾਸਤੇ ਚਲੀ ਸੀ। ਮੈਂ ਸਾਇਮਨ ਨੂੰ ਵੇਖ ਕੇ ਹਰਿਆਨ ਰਹਿ ਗਈ। ਕੁੱਝ ਵਰ੍ਹੇ ਪਹਿਲੇ ਉਹ ਬੜਾ ਚੰਗਾ ਤਗੜਾ ਹੱਸਦਾ ਬੋਲਦਾ ਤੇ ਜਵਾਨ ਨਜ਼ਰੀਂ ਆਉਂਦਾ ਸੀ।ਪਰ ਪਿਛਲੇ ਵਰ੍ਹੇ ਤੋਂ ਬਿਮਾਰੀ ਨੇ ਉਹਨੂੰ ਘੁਣ ਵਾਂਗੂੰ ਖਾ ਲਿਆ। ਸਾਹ ਦੀ ਬਿਮਾਰੀ ਤੇ ਫਿਫੜਿਆਂ ਦੇ ਰੋਗ ਨੇ ਉਹਨੂੰ ਹਰ ਵੇਲੇ ਆਕਸੀਜੱਨ ਦਾ ਸਲੈਂਡਰ ਲਾਈ ਰੱਖਣ ਤੇ ਚੁੱਕੀ ਫਿਰਨ ਤੇ ਮਜਬੂਰ ਕਰ ਦਿੱਤਾ ਏ। ਜੈਨ ਤੇ ਸਾਇਮਨ ਸਾਡੇ ਬੜੇ ਚੰਗੇ ਗੁਆਂਢੀ ਨੇਂ। ਅਸੀਂ ਜਦੋਂ ਵੀ ਕਦੇ ਦੂਜੇ ਸ਼ਹਿਰ ਜਾਣਾਂ ਹੁੰਦਾ ਏ ਸਾਡੇ ਘਰ ਦੀ ਚਾਬੀ ਇਹਨਾਂ ਕੋਲ਼ ਹੁੰਦੀ ਏ। ਜੈਨ ਸਾਡੇ ਘਰ ਦਾ ਧਿਆਨ ਵੀ ਰੱਖਦੀ ਏ ਤੇ ਬਿੱਲੀ ਨੂੰ ਟੁਕਰ ਵੀ ਪਾਂਦੀ ਏ।ਜੈਨ ਹਮੇਸ਼ਾ ਹੱਸਦੀ ਹੱਸਦੀ ਰਹਿੰਦੀ ਏ ਪਰ ਅੱਜ ਮੇਰੇ ਕੋਲੋਂ ਅੱਖੀਆਂ ਪਿੱਛੇ ਲੁਕੇ ਹੰਝੂ ਲੁਕੋ ਨਾ ਪਾਈ ਤੇ ਆਖਣ ਲੱਗੀ ਏਸ ਐਤਵਾਰੇ ਸਾਡੇ ਵਿਆਹ ਦੀ ਛਿਆਲਵੀਂ ਸਾਲਗਿਰਾ ਏ ਤੂੰ ਦੁਆ ਕਰੀਂ ਕਿ ਸਾਇਮਨ ਦੀ ਹਾਲਤ ਸੰਭਲੀ ਰਹਵੇ। ਦਿਲ ਤੇ ਸੀ ਕਿ ਅਸੀਂ ਪੰਝਾਵੀਂ  ਸਾਲਗਿਰਾ ਇਕੱਠੇ ਮਨਾਂਦੇ ਪਰ ਡਾਕੜ ਆਖਦੇ ਨੇਂ ਇਹਦੀ ਹਯਾਤੀ ਦੇ ਦਿਨ ਥੋੜੇ ਨੇਂ।"

ਇਹ ਸੁਣ ਕੇ ਮੇਰਾ ਦਿਲ ਹੌਲ ਗਿਆ ਤੇ ਜੈਨ ਦੇ ਹੰਝੂ ਮੈਂ ਆਪਣੇ ਹੱਥੀਂ ਪੂੰਝੇ ਪਰ ਮੂੰਹ ਤੋਂ ਇਕ ਬੋਲ ਵੀ ਨਾ ਕਹਿ ਪਾਈ।

ਜੈਨ ਹੱਸਦੀ ਆਖਣ ਲੱਗੀ "ਤੂੰ ਕੀਹਦੇ ਕੀਹਦੇ ਹੰਝੂ ਪੂੰਝੇਂਗੀ।ਅੱਜ ਕੱਲ੍ਹ ਸੈਲੀ ਦਿਆਂ ਅਖੀਆਂ ਇਕਲਾਪੇ ਦੇ ਡਰ ਨਾਲ਼ ਭਿਜੀਆਂ ਰਿੰਦੀਆਂ ਨੀਂ, ਤੈਨੂੰ ਖ਼ੋਰੇ ਪਤਾ ਨਹੀਂ ਕਿ ਪੀਟਰ ਮੁੜ ਤੋਂ ਅਸਪਤਾਲ ਚ ਦਾਖ਼ਲ ਏ। ਐਸ ਵਾਰੀ Aਸਦਾ ਹਾਲ ਮੰਦਾ ਈ ਲਗਦਾ ਏ।

ਪੀਟਰ ਤੇ ਸੈਲੀ ਦੇ ਘਰ ਦੀ ਤੇ ਸਾਡੇ ਘਰ ਦੀ ਕੰਧ ਸਾਂਝੀ ਏ।ਪੀਟਰ 85 ਵਰ੍ਹਿਆਂ ਦਾ ਬੁੱਢਾ ਅੰਗਰੇਜ਼ ਏ ਤੇ ਕੁੱਝ ਵਰ੍ਹਿਆਂ ਤੋਂ ਕੈਂਸਰ ਦਾ ਮਰੀਜ਼ ਏ। ਇਹ ਬੜੇ ਦੁੱਖ ਦੀ ਗੱਲ ਏ ਕਿ ਸਾਡੇ ਇਹ ਦੋਵੇਂ ਅੰਗਰੇਜ਼ ਗੁਆਂਡ੍ਹੀ ਇਕੋ ਹਾਲਾਤ ਦਾ ਸ਼ਿਕਾਰ ਨੇਂ। ਇਹਨਾਂ ਬਜ਼ੁਰਗ ਜੋੜਿਆਂ ਦੀ ਹਯਾਤੀ ਐਸੇ ਦੋਰਾਹੇ ਤੇ ਆ ਖੜੀ ਹੋਈ ਏ ਕਿ ਹਯਾਤੀ ਦੀ ਆਸ ਟੁੱਟਦੀ ਤੇ ਮੁੱਕਦੀ ਵੇਖੀ ਨਹੀਂ ਜਾਂਦੀ।

ਜੈਨ ਤੇ ਸੈਲੀ ਜਾਂਣਦੀਆਂ ਨੇਂ ਕਿ ਏਸ ਸੱਚੇ ਸਫ਼ਰ ਤੇ ਸਭਨਾਂ ਨੇ ਇਕ ਦਿਨ ਜਾਣਾਂ ਐਂ ਪਰ ਉਮਰ ਭਰ ਦੇ ਸਾਥ ਤੋਂ ਇਕਲਾਪੇ ਦਾ ਡਰ ਇਹਨਾਂ ਨੂੰ ਅੰਦਰੋਂ ਅੰਦਰੀ ਖਾਈ ਜਾਂਦਾ ਏ।

ਸੱਤ ਵਰ੍ਹੇ ਪਹਿਲੇ ਜਦੋਂ ਅਸੀਂ ਇਹ ਘਰ ਲਿਆ ਉਦੋਂ ਮੇਰੇ ਬੈੱਡਰੂਮ ਦੀ ਬਾਰੀ ਵਿਚੋਂ ਪੀਟਰ ਨਾਲ਼ ਸਲਾਮ ਦੁਆ ਹੋਈ ਸੀ।ਉਹ ਅਕਸਰ ਆਪਣੇ ਬਾਗ਼ ਦੇ ਫੁੱਲਾਂ ਬੂਟਿਆਂ ਨੂੰ ਸਜਾਂਦਾ ਤੇ ਪਖੂਵਾਂ ਨੂੰ ਦਾਣਾ ਪਾਂਦਾ ਨਜ਼ਰੀਂ ਆਉਂਦਾ ਸੀ।ਉਹਦਾ ਬਾਗ਼ ਜੰਨਤ ਵਰਗਾ ਲਗਦਾ ਸੀ ਜੀਹਦੇ ਵਿਚ ਰੰਗ ਬਰੰਗੇ ਫੁੱਲਾਂ ਦੀ ਬਹਾਰ ਤੇ ਵਨ-ਸਵੱਨੇ ਪਖੂਵਾਂ ਦੀ ਚਹਿਚਹਾਹਟ ਹਰ ਵੇਲੇ ਰੌਣਕ ਲਾਈ ਰੱਖਦੀ।

ਸ਼ੁਰੂ ਸ਼ੁਰੂ ਵਿਚ ਅਸੀਂ ਜਦੋਂ ਵੀ ਮਿਲਦੇ ਸਲਾਮ ਦੁਆ ਤੇ ਗੱਲ ਮੁੱਕ ਜਾਂਦੀ ਪੀਟਰ ਬਹੁਤੀ ਗੱਲਬਾਤ ਨਾ ਕਰਦਾ ਪਰ ਆਪਣੀਆਂ ਗਹਿਰੀਆਂ ਅੱਖਾਂ ਨਾਲ਼ ਮੈਨੂੰ ਬੜੇ ਗ਼ੌਰ ਨਾਲ਼ ਵਖਦਾ ਤੇ ਨਿੰਮੇ ਜਿਹੇ ਹਾਸੇ ਨਾਲ਼ ਬਾਏ ਕਹਿ ਕੇ ਮੁੜ ਗੋਡੀ ਵਿਚ ਰੁੱਝ ਜਾਂਦਾ। ਪਰ ਜੇ ਕਦੀ ਸੈਲੀ ਨਾਲ਼ ਟਾਕਰਾ ਹੋ ਜਾਂਦਾ ਤੇ ਜਾਣ ਛੜਾਨੀ ਔਖੀ ਹੋ ਜਾਂਦੀ।ਇੰਝ ਜਾਪਦਾ ਪਈ ਵਿਚਾਰੀ ਗੱਲਾਂ ਕਰਣ ਨੂੰ ਤਰਸਦੀ ਏ।

ਕਈ ਵਰ੍ਹਿਆਂ ਤੋਂ ਮੈਂ ਏਸ ਬੁੱਢੇ ਅੰਗਰੇਜ਼ ਨੂੰ ਕੰਮਾਂ ਵਿਚ ਰੁਝਿਆਂ ਤੱਕਿਆ ਏ।ਅਸਲ ਵਿਚ ਮੈਨੂੰ ਇਹਦੀ ਐਹੋ ਗੱਲ ਭਾਂਦੀ ਏ ਤੇ ਉਹਦਾ ਹਰ ਵੇਲੇ ਫੁੱਲਾਂ,ਬੂਟਿਆਂ ਤੇ ਪੰਛੀਆਂ ਨਾਲ਼ ਜੁੜੇ ਰਹਿਣਾਂ ਬਾਗ਼ ਵਿਚ ਨਿੱਘ ਜਹਿਆ ਕਰੀ ਰੱਖਦਾ।

ਇਕ ਦਿਨ ਸੈਲੀ ਮੈਨੂੰ ਦੱਸਿਆ ਸੀ ਕਿ ਪੀਟਰ ਬੜਾ ਕੌੜਾ ਬੰਦਾ ਏ ਉਹ ਗੱਲ ਘੱਟ ਈ ਕਰਦਾ ਏ ਤੇ ਗ਼ੁੱਸੇ ਦਾ ਜ਼ਹਿਰੀ ਏ।ਇਹ ਸੁਣ ਕੇ ਮੈਨੂੰ ਬੜੀ ਹਰਾਨੀ ਹੋਈ ਸੀ ਕਿਉਂ ਜੇ ਮੈਨੂੰ ਇਹ ਕਦੀ ਮਸੂਸ ਈ ਨਹੀਂ ਸੀ ਹੋਇਆ।ਇਹ ਜਾਨਣ ਤੋਂ ਬਾਦ ਮੈਂ ਜ਼ਰਾ ਮੁਹਤਾਤ ਜਿਹੀ ਹੋ ਗਈ ਸਾਂ ਪਰ ਮੈਂ ਪੀਟਰ ਨੂੰ ਵੇਖ ਕੇ ਸਲਾਮ ਦੁਆ ਜ਼ਰੂਰ ਲੈਂਦੀ ਤੇ ਉਹ ਵੀ ਸੱਦਾ ਹੱਸ ਕੇ ਜਵਾਬ ਦਿੰਦਾ। ਪੀਟਰ ਇਕ ਅਜਿਹਾ ਬਜ਼ੁਰਗ ਏ ਜੀਹਦੇ ਕੋਲੋਂ ਮੈਂ ਸਬਰ ਤੇ ਆਪਣੇ ਉੱਤੇ ਯਕੀਨ ਕਰਨਾ ਸਿੱਖਿਆ ਏ। ਮੀਂਹ ਹੋਏ ਯਾ ਹਨੇਰੀ, ਬਰਫ਼ ਹੋਏ ਯਾ ਕੋਰੇ ਵਾਲੀ ਠੰਡ, ਉਹ ਤੇ ਉਹਦੇ ਕੰਮ ਇਕੋ ਚਾਲ ਚਲਦੇ ਰਹਿੰਦੇ।

ਪਿਛਲੇ ਵਰ੍ਹੇ ਇਕ ਬੜਾ ਅਨੋਖਾ ਵਾਕਿਅ ਹੋਇਆ ਸੀ। ਸ਼ੀਲਾ ਸਾਡੀ ਇਕ ਹੋਰ ਗਵਾਂਡਣ ਨੇ ਮੈਨੂੰ ਦੱਸਿਆ ਸੀ ਕਿ ਪੀਟਰ ਅਸਪਤਾਲ ਚ ਏ ਤੇ ਡਾਕਟਰਾਂ ਦੇ ਮੁਤਾਬਿਕ ਉਦੀ ਜ਼ਿੰਦਗੀ 48 ਘੰਟਿਆਂ ਤੋਂ ਵੱਧ ਨਹੀਂ।ਇਹ ਸੁਣ ਕਿ ਮੇਰੇ ਹੱਥ ਪੈਰ ਫੁੱਲ ਗਏ ਸੀ। ਦਿਲ ਦੁੱਖ ਨਾਲ਼ ਭਰ ਕੇ ਅੱਖੀਆਂ ਰਾਹੀਂ ਡੁੱਲ੍ਹਣ ਲੱਗ ਪਿਆ ਸੀ।ਮੈਂ ਪੀਟਰ ਨੂੰ ਸਾਹ ਲੈਂਦਿਆਂ ਮਿਲਣਾ ਚਾਹੁੰਦੀ ਸੀ।ਮੇਰੇ ਖ਼ਾਵੰਦ ਤੇ ਬੱਚੀ ਨੇ ਇਹ ਸੁਣ ਕੇ ਸਾਰੇ ਕੰਮ ਛੱਡ ਦਿੱਤੇ।ਅਸੀਂ ਸਾਰੇ ਫੁੱਲਾਂ ਦਾ ਗੁਲਦਸਤਾ ਲੈ ਕੇ ਅਸਪਤਾਲ ਪਹੁੰਚ ਗਏ। ਵਾਰਡ ਤੋਂ ਬਾਹਰ ਈ ਸਾਡੀ ਮੁਲਾਕਾਤ ਸੈਲੀ ਤੇ ਉਹਦੇ ਬੱਚਿਆਂ ਨਾਲ਼ ਹੋ ਗਈ। ਉਹ ਸਾਰੇ ਸਾਨੂੰ ਵੇਖ ਕੇ ਘਬਰਾ ਜਹੇ ਗਏ ਤੇ ਆਖਣ ਲੱਗੇ ਤੁਸੀ ਆਉਣ ਦੀ ਤਕਲੀਫ਼ ਕਿਉਂ ਕੀਤੀ ਇਕ ਕਾਰਡ ਲਿਖ ਦਿੰਦੇ, ਕਾਫ਼ੀ ਸੀ।

ਮੈਂ ਅਹਾ ਸੁਣ ਕੇ ਰੋ ਪਈ ਨਾਲ਼ ਆਖ ਦਿਤਾ ਹੁਣ ਤੁਸੀ ਦੱਸੋ ਕਿ ਛੇ ਵਰ੍ਹਿਆਂ ਦੇ ਤਾਅਲੁੱਕ ਨੂੰ ਇਕ ਕਾਰਡ ਵਿਚ ਕਿਵੇਂ ਲਿਖ ਸਕਦੇ ਸੀ।ਤੁਧ ਸੈਲੀ ਸਾਨੂੰ ਦੱਸਿਆ ਅੱਜ ਪੀਟਰ ਬਹੁਤ ਕੌੜ ਵਿਚ ਏ ।ਅੱਜ ਸਾਰਾ ਦਿਨ ਨਰਸਾਂ ਨਾਲ਼ ਲੜਦਾ ਰਹਿਆ ਏ, ਸਾਨੂੰ ਡਰ ਏ ਕਿ ਉਹ ਗ਼ੁੱਸੇ ਵਿਚ ਤੁਹਾਨੂੰ ਵੀ ਕੁੱਝ ਚੰਗਾ ਮਾੜਾ ਨਾ ਆਖ ਦੇਵੇ।ਇਹ ਸੁਣ ਕੇ ਅਸੀਂ ਹੱਸ ਪਏ, ਸੈਲੀ ਤੇ ਉਹਦੇ ਬੱਚਿਆਂ ਨੂੰ ਤਸੱਲੀ ਦਿੱਤੀ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਕੌੜ ਨੂੰ ਚੱਖ ਚੁੱਕੇ ਆਂ ਹੁਣ ਅੰਗਰੇਜ਼ੀ ਕੌੜ ਸਾਡਾ ਕੁੱਝ ਨਹੀਂ ਵਿਗਾੜੇਗੀ।
ਵਾਰਡ ਬੁੱਢੇ ਮਰੀਜ਼ਾਂ ਨਾਲ਼ ਭਰਿਆ ਹੋਇਆ ਸੀ।ਸਾਨੂੰ ਨਰਸ ਨੇ ਪੀਟਰ ਦੇ ਬੈੱਡ ਕੋਲ਼ ਛੱਡ ਦਿੱਤਾ ਨਾਲੇ ਨਿਮਾਂ ਜਹਿਆ ਹੱਸ ਕੇ ਫੁੱਲਾਂ ਲਈ ਗੁਲਦਾਨ ਵੀ ਦੇ ਗਈ।ਪੀਟਰ ਸੁੱਤਾ ਪਿਆ ਸੀ। ਅਸੀਂ ਉਹਦੇ ਬੈੱਡ ਕੋਲ਼ ਕੁਰਸੀਆਂ ਤੇ ਬਹਿ ਗਏ।ਉਹਦਾ ਸੀਨਾ ਸਾਹ ਨਾਲ਼ ਉਤੇ ਥੱਲੇ ਹੁੰਦਾ ਵੇਖ ਕੇ ਅਸੀਂ ਆਪਣੀ ਚੁੱਪ ਵਿਚ ਉਹਦੇ ਸਾਹ ਗਿਣਨ ਲੱਗ ਗਏ।ਕੁੱਝ ਦੇਰ ਪਿੱਛੋਂ ਵਾਰਡ ਵਿਚੋਂ ਕਿਸੇ ਬੁੱਢੇ ਦੀ ਖੰਘ ਨਾਲ਼ ਉਹਦੀ ਅੱਖ ਖੁੱਲ ਗਈ।

ਸਾਨੂੰ ਵੇਖ ਕੇ ਹੈਰਾਨੀ ਨਾਲ਼ ਪੁੱਛਣ ਲੱਗਾ "ਤੁਸੀ ਐਥੇ ਕੀ ਕਰ ਰਹੇ ਓ?"

ਮੇਰੀ ਧੀ ਨੇ ਪੀਟਰ ਨੂੰ ਫੁੱਲ ਦਿੱਤੇ, ਮੈਂ ਹਿੰਮਤ ਕਰ ਕੇ ਆਖਿਆ "ਅਸੀਂ ਤੈਨੂੰ ਮਿਲਣ ਤੇ ਦੱਸਣ ਆਏ ਸੀ ਕਿ ਤੇਰੇ ਬਾਗ਼ ਦੇ ਸਾਰੇ ਪੰਛੀ ਤੇਰੀ ਰਾਹ ਤੱਕ ਰਹੇ ਨੇਂ।
"ਕੋਈ ਕਿਸੇ ਦੀ ਰਾਹ ਨਹੀਂ ਤੱਕਦਾ।"

ਇਹ ਆਖ ਕੇ ਪੀਟਰ ਚੁੱਪ ਕਰ ਗਿਆ। ਫੇਰ ਕੁੱਝ ਦੇਰ ਬਾਦ ਫੁੱਲਾਂ ਨੂੰ ਵੇਖ ਕੇ ਆਖਣ ਲੱਗਾ: "ਤੁਸੀ ਇਹ ਤਕਲੀਫ਼ ਕਿਉਂ ਕੀਤੀ?"

ਮੇਰੇ ਖ਼ਾਵੰਦ ਨੇ ਆਖਿਆ "ਜਨਾਬ ਫੁਲ਼ ਵੀ ਤੁਹਾਨੂੰ ਦੱਸਣ ਲਈ ਨੇਂ ਕਿ ਤੁਹਾਡੇ ਬਾਗ਼ ਦੇ ਫੁਲ ਈ ਰਾਹ ਤੱਕ ਰਹੇ ਨੇਂ।"

ਐਸ ਵਾਰੀ ਪੀਟਰ ਹੱਸ ਪਿਆ। ਫੇæਰ ਕੁੱਝ ਇੰਝ ਹੋਇਆ ਜਿਵੇਂ ਉਹਨੇ ਸਾਨੂੰ ਦਿਲੋਂ ਕਬੂਲ ਕਰ ਲਿਆ। ਸਾਡੇ ਨਾਲ਼ ਦੇਰ ਤੀਕਰ ਹੱਸ ਹੱਸ ਕੇ ਗੱਲਾਂ ਕਰਦਾ ਰੀਆ।ਇਥੇ ਤੀਕਰ ਕਿ ਉਹਨੇ ਡਾਕਟਰਾਂ, ਨਰਸਾਂ ਤੇ ਅਸਪਤਾਲ ਦੀ ਸਾਰੀ ਕੌੜ ਸਾਡੇ ਨਾਲ਼ ਗੱਲਾਂ ਕਰਕੇ ਕੱਢੀ।ਹਯਾਤੀ Aਹਦੇ ਅੰਦਰ ਠਾਠਾਂ ਮਾਰਦੀ ਪਈ ਸੀ ਸਾਨੂੰ ਲੱਗਿਆ ਪੀਟਰ ੮੪ ਘੰਟੇ ਕੀ ੮੪ ਮਹੀਨੇ ਹੋਰ ਜੀ ਸਕਦਾ ਏ।

ਸਭ ਹੈਰਾਨ ਸੀ ਜਦ ਪੀਟਰ ਮੌਤ ਨੂੰ ਝਾਕਾ ਦੇ ਕੇ ਕੁੱਝ ਈ ਦਿਨਾਂ ਬਾਦ ਬਾਗ਼ ਦੇ ਪਖੂਵਾਂ ਤੇ ਫੁੱਲਾਂ ਕੋਲ਼ ਵਾਪਿਸ ਆ ਗਿਆ ਸੀ।ਉਹਨੂੰ ਮੁੜ ਤੋਂ ਬਾਗ਼ ਵਿਚ ਰੁਝਿਆ ਵੇਖ ਕੇ ਇਕ ਨਿੱਘ ਜਿਹਾ ਮਸੂਸ ਹੁੰਦਾ ਸੀ।
ਇਕ ਦਿਨ ਮੈਂ ਜੈਨ ਨੂੰ ਪੁੱਛ ਈ ਲਿਆ "ਤੈਨੂੰ ਡਾਕਟਰਾਂ ਦੀ ਗੱਲ ਤੇ ਯਕੀਨ ਐਂ?" ਤੈਨੂੰ ਯਾਦ ਨਹੀਂ ਪੀਟਰ ਬਾਰੇ ਉਹਨਾਂ ਦੀ ਗਲ ਗ਼ਲਤ ਸਾਬਿਤ ਹੋਈ ਸੀ।ਜੈਨ ਇਕ ਲੰਮਾਂ ਸਾਹ ਲੈ ਕੇ ਜਵਾਬ ਦਿੱਤਾ। "ਡਾਕਟਰ ਠੀਕ ਕਹਿੰਦੇ ਨੇਂ ਸਾਇਮਨ ਕੁੱਝ ਦਿਨਾਂ ਦਾ ਪਰੋਹਣਾਂ ਏ ਵੈਸੇ ਵੀ ਉਹ ਖ਼ੁਦ ਜ਼ਹਿਨੀ ਤੌਰ ਤੇ ਹੁਣ ਤਿਆਰ ਏ।ਪੀਟਰ ਦੀ ਜਾਨ ਵੀ ਮੁਕੀ ਪਈ ਏ ਪਰ ਉਹ ਜੀਣਾ ਚਾਹੁੰਦਾ ਏ।ਉਹ ਆਪਣੀਆਂ ਪੀੜਾਂ ਨਾਲ਼ ਖੇਡਣ ਦਾ ਸ਼ੌਕੀਨ ਏ"

ਇਹ ਸੁਣ ਕੇ ਮੈਂ ਸੋਚੀਂ ਪੇ ਗਈ ਮੈਨੂੰ ਜੈਨ ਦੀ ਗੱਲ ਵਿਚ ਸੱਚ ਨਜ਼ਰ ਆਂਦਾ ਸੀ।ਕਿਉਂ ਜੇ ਪੀਟਰ ਰੰਗ ਬਰੰਗੇ ਬਾਗ਼ ਵਿਚ ਕੁਦਰਤ ਦੀ ਹਰ ਸ਼ੈ ਨਾਲ਼ ਜੁੜਿਆ ਹਯਾਤੀ ਦੇ ਅਮਲ ਨੂੰ ਰੁਕਣ ਨਹੀਂ ਦਿੰਦਾ ਸੀ। ਹੱਲੇ ਕੁੱਝ ਵਰ੍ਹੇ ਪਹਿਲਾਂ ਦੀ ਗੱਲ ਏ ਕਿ ਪੀਟਰ ਦੇ ਘਰ ਦੇ ਬਾਰ ਵਾਲੇ ਪਾਸੇ ਇਕ ਕੰਡਿਆਂ ਵਾਲੀ ਵੱਡੀ ਸਾਰੀ ਬਾੜ ਸੀ ਜਿਨ੍ਹੇ ਉਹਦੇ ਘਰ ਦੇ ਰੂਪ ਨੂੰ ਲੁਕੋ ਛੱਡਿਆ ਸੀ। ਇਕ ਦਿਨ ਮੈਂ ਦਫ਼ਤਰ ਤੋਂ ਵਾਪਿਸ ਆਈ ਤੇ ਪੀਟਰ ਬੇਲਚਾ ਤੇ ਰੰਬਾ ਲਈ ਬਾੜ ਨੂੰ ਵਢਣ ਦੀ ਕੋਸ਼ਿਸ਼ ਕਰ ਰੀਆ ਸੀ।ਮੈਂ ਹੱਸ ਕੇ ਆਖਿਆ "ਪੀਟਰ, ਤੂੰ ਮੈਨੂੰ ਇਕ ਚੀਨੀ ਕਹਾਣੀ ਯਾਦ ਕਰਾ ਦਿੱਤੀ ਏ।"

ਪੀਟਰ ਕੰਮ ਛੱਡਕੇ ਪੁੱਛਣ ਲੱਗਾ। "ਕੀ ਕਹਾਣੀ ਯਾਦ ਆਈ ਏ ਮੈਨੂੰ ਵੀ ਤੇ ਸੁਣਾ।"

ਮੈਂ ਛੇਤੀ ਛੇਤੀ ਉਹਨੂੰ (ਇਕ ਬੁੱਢਾ ਤੇ ਪਹਾੜ ਵਾਲੀ) ਕਹਾਣੀ ਸੁਣਾ ਦਿੱਤੀ। ਜੀਹਦੇ ਵਿਚ ਇਕ ਪਿੰਡ ਦੇ ਰਹਿਣ ਵਾਲਿਆਂ ਨੂੰ ਪਾਣੀ ਲੈਣ ਲਈ ਪਹਾੜ ਤੋਂ ਗੁਜ਼ਰ ਕੇ ਚਸ਼ਮੇ ਤੀਕਰ ਜਾਣਾਂ ਪੈਂਦਾ ਸੀ।ਜੀਹਦੀ ਵਜ੍ਹਾ ਨਾਲ਼ ਪਹਾੜ ਲੋਕਾਂ ਲਈ ਇਕ ਵੱਡੀ ਰੁਕਾਵਟ ਸੀ।ਇਕ ਚੀਨੀ ਸਿਆਣੇ ਬੁੱਢੇ ਨੇ ਪਹਾੜ ਉੱਤੇ ਚੜ੍ਹ ਕੇ ਉਹਨੂੰ ਪਟਣਾਂ ਸ਼ੁਰੂ ਕਰ ਦਿਤਾ। ਸਾਰੇ ਲੋਕੀ ਉਹਨੂੰ ਪਾਗਲ ਸਮਝੇ ਤੇ ਉਹਦੇ ਤੇ ਬਹੁਤ ਹੱਸੇ। ਬੁੱਢੇ ਚੀਨੀ ਦਾ ਇਰਾਦਾ ਪੱਕਾ ਸੀ ਕਿ ਉਹ ਪਹਾੜ ਵਿਚ ਰਾਹ ਬਣਾ ਕੇ ਆਮ ਲੋਕਾਂ ਦੀ ਔਖਤ ਨੂੰ ਆਸਾਨ ਕਰਨਾ ਚਾਹੁੰਦਾ ਸੀ। ਪਿੰਡ ਵਾਲਿਆਂ ਨੇਂ ਬੁੱਢੇ ਨੂੰ ਪੁੱਛਿਆ ਕੀ ਤੈਨੂੰ ਲਗਦਾ ਏ ਕਿ ਤੂੰ ਆਪਣੀ ਹਯਾਤੀ ਵਿਚ ਐਡੇ ਵੱਡੇ ਪਹਾੜ ਵਿਚ ਪਾਣੀ ਲਈ ਰਾਹ ਕੱਢ ਸਕਦਾ ਐਂ? ਬੁੱਢੇ ਨੇ ਜਵਾਬ ਦਿਤਾ ਅੱਜ ਮੈਂ ਸ਼ੁਰੂ ਕਰਾਂਗਾ, ਕੱਲ੍ਹ ਮੇਰਾ ਪੁੱਤਰ ਤੇ ਫ਼ੇਰ ਮੇਰਾ ਪੋਤਾ।ਉਹ ਇਕ ਦਿਨ ਜ਼ਰੂਰ ਆਵੇਗਾ ਜਦੋਂ ਇਹ ਪਹਾੜ ਲੋਕਾਂ ਲਈ ਔਖਤ ਨਹੀਂ ਰਹਵੇਗਾ।

ਮੇਰੀ ਕਹਾਣੀ ਸੁਣ ਕੇ ਪੀਟਰ ਨੇ ਇਕ ਫਿੱਕੀ ਜਿਹੀ ਮੁਸਕਰਾਹਟ ਨਾਲ਼ ਆਖਿਆ: "ਤੇਰੀ ਕਹਾਣੀ ਤੇ ਚੰਗੀ ਏ ਪਰ ਮੈਂ ਚੀਨੀ ਨਹੀਂ ਅੰਗਰੇਜ਼ ਆਂ ਤੇ ਚੰਗੀ ਤਰਾਂ ਜਾਂਣਦਾ ਹਾਂ ਕਿ ਮੇਰੇ ਪੁੱਤ ਤੇ ਪੋਤੇ ਨੇ ਇਹ ਕੰਮ ਨਈਂ ਕਰਨਾ, ਇਹ ਬਾੜ ਤੇ ਮੈਨੂੰ ਕਲਿਆਂ ਈ ਪੁੱਟਣੀ ਪੈਣੀ ਐਂ।ਫੇਰ ਕਈ ਮਹੀਨੇ ਪੀਟਰ ਹੌਲੀ ਹੌਲੀ ਬਾੜ ਨੂੰ ਪੁੱਟਣ ਵਿਚ ਰੁਝਿਆ ਰਿਹਆ। ਉਹ ਜਿਵੇਂ ਜਿਵੇਂ ਬਾੜ ਸਾਫ਼ ਕਰਦਾ ਗਿਆ ਓਥੇ ਨਾਲ਼ ਨਾਲ਼ ਈ ਫੁੱਲ ਬੂਟੇ ਲਾਂਦਾ ਗਿਆ। ਕੰਡਿਆਂ ਵਾਲੀ ਬਾੜ ਦੀ ਜਗ੍ਹਾ ਰੰਗ ਬਰੰਗੇ ਫੁੱਲਾਂ ਨੇ ਕਦੋਂ ਲੈ ਲਈ ਕਿਸੇ ਨੂੰ ਪਤਾ ਈ ਨਾ ਲੱਗਿਆ।

ਐਸ ਵਰ੍ਹੇ ਗਰਮੀ ਰੱਜ ਕੇ ਪਈ ਏ।ਲੋਕੀ ਧੁੱਪ ਤੋਂ ਘਬਰਾ ਕੇ ਛਾਂ ਲੋੜਦੇ ਨੇ। ਹਰੀ ਗਹਾ ਸੁੱਕ ਕੇ ਪੀਲੀ ਹੋ ਗਈ ਏ ਤੇ ਫੁੱਲ ਗਰਮੀ ਨਾਲ਼ ਮਰ ਜਿਹੇ ਗਏ ਨੇਂ।ਪੀਟਰ ਵੀ ਚਿਰ ਹੋਇਆ ਬਾਗ਼ ਵਿਚ ਨਜ਼ਰ ਨਹੀਂ ਆਇਆ ।ਉ ਮੁੜ ਤੋਂ ਅਸਪਤਾਲ ਵਿਚ ਹਯਾਤੀ ਦੇ ਸਾਹ ਗਿਣਦਾ ਪਿਆ ਏ। ਮੇਰਾ ਜੀ ਅਸਪਤਾਲ ਜਾਣ ਨੂੰ ਤੜਫ਼ਦਾ ਪਿਆ ਏ। ਪਰ ਫੁੱਲਾਂ ਦਾ ਗੁਲਦਸਤਾ ਕਈ ਵਾਰੀ ਹੱਥ ਵਿਚ ਫੜ ਕੇ ਸੋਚਦੀ ਆਂ ਕਿ ਐਸਂ ਵਾਰੀ ਮੈਂ ਪੀਟਰ ਨੂੰ ਕੀ ਆਖਾਂਗੀ?

ਉਹਦੇ ਬਾਗ਼ ਵਿਚ ਕੋਈ ਵੀ ਪੱਖੂ ਨਜ਼ਰ ਨਈਂ ਆਂਦਾ, ਘਾਹ ਵੀ ਪੀਲ਼ਾ ਏ ਤੇ ਫੁੱਲ ਵੀ ਮੁਰਝਾਏ। ਮੇਰੇ ਮਨ ਅੰਦਰ ਵੀ ਇਕ ਅਨੋਖੀ ਜਿਹੀ ਬੇਚੈਨੀ ਏ।ਲਗਦਾ ਏ ਐਸ ਵਰ੍ਹੇ ਗਰਮੀ ਦੀ ਤਰ੍ਹਾਂ ਸਿਆਲ਼ ਦੀ ਠੰਡ ਵੀ ਡਾਢੀ ਔਖੀ ਹੋਣੀ ਐਂ ਖ਼ਾਸ ਤੌਰ ਤੇ ਮੇਰੇ ਗਵਾਂਢੀਆਂ ਦੇ ਬਾਗ਼ਾਂ ਅੰਦਰ ਰੱਬ ਜਾਣੇ ਕਿਸੇ ਪੱਖੂ ਮੁੜ ਆਵਣਾਂ ਵੀ ਏ ਕਿ ਨਹੀਂ?

Comments

Security Code (required)Can't read the image? click here to refresh.

Name (required)

Leave a comment... (required)

ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ