Thu, 18 April 2024
Your Visitor Number :-   6982363
SuhisaverSuhisaver Suhisaver

ਪੰਜਾਬ ਸਰਕਾਰ ਰਾਜਸਥਾਨ ਤੇ ਸਰਹਿੰਦ ਨਹਿਰਾਂ ਦੀ ਮੁਰੰਮਤ ’ਤੇ ਖ਼ਰਚੇਗੀ 1441 ਕਰੋੜ ਰੁਪਏ: ਠੰਡਲ

Posted on:- 22-08-2013

ਮਾਹਿਲਪੁਰ: ਪੰਜਾਬ ਸਰਕਾਰ ਵੱਲੋਂ 1441 ਕਰੋੜ ਰੁਪਏ ਦੀ ਲਾਗਤ ਨਾਲ ਰਾਜਸਥਾਨ ਅਤੇ ਸਰਹਿੰਦ ਨਹਿਰਾਂ ਦੀ ਮੁਕੰਮਲ ਮੁਰੰਮਤ ਕੀਤੀ ਜਾਵੇਗੀ ਅਤੇ ਇਸ ਪ੍ਰਾਜੈਕਟ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਉਕਤ ਵਿਚਾਰ ਚੱਬੇਵਾਲ ਤੋਂ ਵਿਧਾਇਕ ਅਤੇ ਸਿੰਚਾਈ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸੋਹਣ ਸਿੰਘ ਠੰਡਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਹਨਾਂ ਦੱਸਿਆ ਕਿ ਰਾਜਸਥਾਨ ਅਤੇ ਸਰਹਿੰਦ ਨਹਿਰਾਂ ਦੀ ਮੁਰੰਮਤ ਸਬੰਧੀ ਮੁੱਢਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਕਾਰਜ ਚਾਰ ਸਾਲਾਂ ’ਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਹਿਰਾਂ ’ਚ ਪੈ ਰਹੇ ਗੰਦੇ ਪਾਣੀ ਬਾਰੇ ਗੰਭੀਰ ਹੈ ਅਤੇ ਇਸ ਸਬੰਧੀ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ ਲਿਖਤੀ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ ਇਹ ਗੱਲ ਯਕੀਨੀ ਬਣਾਉਣ ਨੂੰ ਕਿਹਾ ਗਿਆ ਹੈ ਕਿ ਫੈਕਟਰੀਆਂ ਅਤੇ ਹੋਰ ਉਦਯੋਗਿਕ ਇਕਾਈਆਂ ਦਾ ਗੰਦਾ ਪਾਣੀ ਸੂਬੇ ਦੇ ਪਾਣੀ ਸ੍ਰੋਤਾਂ ਵਿਚ ਸ਼ਾਮਲ ਨਾ ਹੋਵੇ।

ਸ. ਠੰਡਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗੰਦੇ ਪਾਣੀ ਨੂੰ ਸਿੰਚਾਈ ਲਈ ਵਰਤਣ ਹਿੱਤ ਸੀਵਰੇਜ਼ ਟਰੀਟਮੈਂਟ ਪਲਾਂਟ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦੁਆਬਾ ਖੇਤਰ ਵਿਚ ਖੇਤੀ ਨੂੰ ਹੁਲਾਰਾ ਦੇਣ ਲਈ ਇੱਕ ਬਹੁਮੰਤਵੀ ਪ੍ਰਾਜੈਕਟ ਮਨਜ਼ੂਰ ਕੀਤਾ ਗਿਆ ਹੈ, ਜਿਸ ਤਹਿਤ ਬਿਸਤ ਦੋਆਬ ਨਹਿਰ ਤੇ ਇਸਦੀਆਂ ਸਹਾਇਕ ਨਹਿਰਾਂ ਦਾ ਕਾਇਆ ਕਲਪ ਲਈ 211 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਇਸ ਨਹਿਰ ਦੀ ਵਰਤਮਾਨ ਸਮੇਂ ਦੀ ਸਿੰਚਾਈ ਸਮਰੱਥਾ ਵਿਚ 6 ਗੁਣਾ ਵਾਧਾ ਹੋਵੇਗਾ। ਜ਼ਿਕਰਯੋਗ ਹੈ ਕਿ ਅਜੋਕੇ ਸਮੇਂ ਨਹਿਰ ਦੀ ਸਿੰਚਾਈ ਸਮਰੱਥਾ 30364 ਹੈਕਟੇਅਰ ਹੈ, ਜੋ ਕਿ ਨਵੀਨੀਕਰਨ ਪਿੱਛੋਂ ਵਧਕੇ 172981 ਹੈਕਟੇਅਰ ਹੋ ਜਾਵੇਗੀ।

ਉਹਨਾਂ ਦੱਸਿਆ ਕਿ ਇੱਕ ਵੱਖਰੀ ਯੋਜਨਾ ਤਹਿਤ ਜਲੰਧਰ ਬਰਾਂਚ ਦੇ ਨਵੀਨੀਕਰਨ ਪ੍ਰਾਜੈਕਟ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਜਿਸ ਨਾਲ ਇਸ ਰਾਹੀਂ ਕੀਤੇ ਜਾਂਦੇ ਸਿੰਚਾਈ ਖੇਤਰ ਵਿਚ 158416 ਹੈਕਟੇਅਰ ਦਾ ਵਾਧਾ ਹੋਵੇਗਾ। ਇਸ ਤੋਂ ਇਲਾਵਾ ਨਸਰਾਲਾ ਚੋਅ ’ਤੇ ਇਕ ਵੱਡਾ ਲਾਂਘਾ ਬਣਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਪੰਜੌੜ, ਪ੍ਰਿੰਸੀਪਲ ਰਛਪਾਲ ਸਿੰਘ, ਰਵਿੰਦਰ ਸਿੰਘ ਠੰਡਲ, ਮਲਕੀਤ ਸਿੰਘ, ਰਵਿੰਦਰਪਾਲ ਸਿੰਘ ਰਾਏ, ਸੁਰਿੰਦਰਪਾਲ ਸਿੰਘ ਸੰਧੂ ਆਦਿ ਆਗੂ ਵੀ ਹਾਜਰ ਸਨ।

-ਸ਼ਿਵ ਕੁਮਾਰ ਬਾਵਾ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ