Fri, 19 April 2024
Your Visitor Number :-   6983865
SuhisaverSuhisaver Suhisaver

ਜੇਲ੍ਹ ਵਿੱਚ ਬੰਦ ਆਗੂਆਂ ਦੀ ਰਿਹਾਈ ਲਈ ਸੰਘਰਸ਼

Posted on:- 12-02-2014

ਡੀ ਟੀ ਐਫ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਇਨਕਲਾਬੀ ਕੇਂਦਰ ਪੰਜਾਬ, ਟੀ ਐਸ ਯੂ, ਏ ਐਫ ਡੀ ਆਰ ਤੇ ਹੋਰ ਭਰਾਤਰੀ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਮਹਿਲਕਲਾਂ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਰੈਲੀ ਨੂੰ ਸੰਬੋਧਨ ਕਰਦੇ ਹੋਏ ਡੀ ਟੀ ਐਫ ਦੇ ਜਿਲ੍ਹਾ ਆਗੂ ਅਜ਼ਮੇਰ ਕਾਲਸਾਂ ਨੇ ਕਿਹਾ ਕਿ ਸਰਕਾਰ ਨੇ ਹੱਕ ਮੰਗਦੇ ਐਸ ਐਸ ਏ/ਰਮਸਾ ਦੇ ਅਧਿਆਪਕਾਂ ਤੇ ਉਨ੍ਹਾਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕਰ ਰਹੇ ਭਰਾਤਰੀ ਜੱਥੇਬੰਦੀਆਂ ਦੇ ਆਗੂਆਂ ਨੂੰ ਜੇਲ੍ਹੀਂ ਬੰਦ ਕਰਕੇ ਆਪਣਾ ਲੋਕ ਦੋਖੀ ਤੇ ਗੈਰ-ਜਮਹੂਰੀ ਚਿਹਰਾ ਦਿਖਾ ਰਹੀ ਹੈ।

 ਉਨ੍ਹਾਂ ਕਿਹਾ ਕਿ ਸੂਬੇ ਦੀ ਅਕਾਲੀ-ਭਾਜਪਾ ਹਕੂਮਤ ਵੱਖ-ਵੱਖ ਤਬਕਿਆਂ ਦੇ ਘੋਲਾਂ ਨੂੰ ਜਬਰੀ ਦਬਾਉਣ ਦੇ ਰਾਹ ਪਈ ਹੋਈ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਪ੍ਰੀਤਮ ਸਿੰਘ ਨੇ ਕਿਹਾ ਕਿ ਸਰਕਾਰ ਲੋਕਮਾਰੂ ਨਵੀਆਂ ਆਰਥਿਕ ਨੀਤੀਆਂ ਨੂੰ ਥੋਕ ਰੂਪ ਵਿਚ ਲਾਗੂ ਕਰਕੇ ਵੱਡੇ ਨਿੱਜੀ ਘਰਾਣਿਆਂ ਨੂੰ ਮੋਟੇ ਮੁਨਾਫੇ ਬਟੋਰਨ ਦੀਆਂ ਖੁੱਲ੍ਹਾਂ ਦੇ ਰਹੀ ਹੈ ਅਤੇ ਇਹ ਮੁਨਾਫੇ ਮਿਹਨਤਕਸ਼ ਤਬਕਿਆਂ ਦੀ ਸਸਤੀ ਕਿਰਤ ਲੁੱਟਕੇ ਪੈਦਾ ਕੀਤੇ ਜਾ ਰਹੇ ਹਨ। ਜਦੋਂ ਇਹ ਤਬਕੇ ਪੱਕੇ ਰੁਜਗਾਰ ਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ ਰੋਸ ਜ਼ਾਹਰ ਕਰਦੇ ਹਨ ਤਾਂ ਸਰਕਾਰ ਸੰਘਰਸ਼ਸ਼ੀਲ ਤਬਕਿਆਂ ਤੇ ਲੋਕਾਂ ਵਿਚ ਦਹਿਸ਼ਤ ਪੈਦਾ ਕਰਨ ਲਈ ਉਨ੍ਹਾਂ ਨੂੰ ਜੇਲ੍ਹੀਂ ਬੰਦ ਕਰ ਰਹੀ ਹੈ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਿਲ੍ਹਾ ਆਗੂ ਮਲਕੀਤ ਸਿੰਘ ਨੇ ਕਿਹਾ ਕਿ ਕੇਂਦਰੀ ਜੇਲ੍ਹ ਲੁਧਿਆਣਾ ‘ਚ ਬੰਦ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ , ਸੂਬਾ ਕਮੇਟੀ ਮੈਂਬਰ ਸੁਖਦੇਵ ਭੂੰਦੜੀ, ਡੀ ਟੀ ਐਫ ਦੇ ਜਿਲ੍ਹਾ ਆਗੂ ਗੁਰਚਰਨ ਨੂਰਪੁਰ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਆਗੂ ਗੁਰਦੀਪ ਬਾਸੀ, ਬੀ ਕੇ ਯੂ (ਉਗਰਾਹਾਂ) ਦੇ ਸੁਦਾਗਰ ਘੜਾਣੀ ਸਮੇਤ ਦਰਜਨਾਂ ਵਰਕਰਾਂ ਦੀਆਂ ਨਜਾਇਜ ਗਿ੍ਰਫਤਾਰੀਆਂ ਤੇ ਝੂਠੇ ਪਰਚਿਆਂ ਦੇ ਵਿਰੋਧ ‘ਚ ਆਉਣ ਵਾਲੇ ਦਿਨਾਂ ਵਿਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਟੀ ਐਸ ਯੂ ਦੇ ਆਗੂ ਗੁਰਦੇਵ ਮਾਂਗੇਵਾਲ ਨੇ ਦੱਸਿਆ ਕਿ ਜੇਲ੍ਹੀਂ ਬੰਦ ਆਗੂਆਂ ਦੀ ਬਿਨਾਂ ਸ਼ਰਤ ਰਿਹਾਈ ਲਈ ਬਰਨਾਲਾ, ਜਗਰਾਓਂ, ਮੁਲਾਂਪੁਰ, ਬਰੇਟਾ, ਬਠਿੰਡਾ, ਲਹਿਰਾ ਤੇ ਲੁਧਿਆਣਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਹੋ ਰਹੇ ਹਨ।ਏ ਐਫ ਡੀ ਆਰ ਦੇ ਆਗੂ ਗੁਰਮੇਲ ਠੁਲੀਵਾਲ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਨਾਜਾਇਜ਼ ਹਿਰਾਸਤ ਵਿਚ ਲਏ ਆਗੂਆਂ ਦੀ ਰਿਹਾਈ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇਗੀ ਤਾਂ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਜਿੱਥੇ ਪੰਜਾਬ ਪੱਧਰੀ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ, ਪੰਜਾਬ ਦੇ ਸਕੂਲਾਂ ਵਿਚ ਅਧਿਆਪਕਾਂ ਵੱਲੋਂ ਕਾਲੇ ਬਿੱਲੇ ਲਾ ਕੇ ਰੋਸ ਜਾਹਰ ਕੀਤਾ ਜਾ ਰਿਹਾ ਹੈ ਉੱਥੇ 13 ਤਾਰੀਖ ਨੂੰ ਸੂਬੇ ਦੀਆਂ ਜਨਤਕ-ਜਮਹੂਰੀ ਜੱਥੇਬੰਦੀਆਂ ਦੀ ਵੱਡੀ ਸਾਂਝੀ ਮੀਟਿੰਗ ਕਰਕੇ ਪੰਜਾਬ ਪੱਧਰੀ ਵਿਸ਼ਾਲ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਦੇ ਆਗੂ ਡਾ. ਕੁਲਵੰਤ ਰਾਏ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਅਵਤਾਰ ਕਾਲਸਾਂ ਆਦਿ ਆਗੂਆਂ ਨੇ ਵੀ ਸਰਕਾਰ ਦੀ ਤਨਾਸ਼ਾਹ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਅਤੇ ਆਉਣ ਵਾਲੇ ਦਿਨਾਂ ਵਿਚ ਵਿਸ਼ਾਲ ਲਾਮਬੰਦੀ ਕਰਨ ਦਾ ਤਹੱਈਆ ਕੀਤਾ। ਆਗੂਆਂ ਨੇ ਨਾਇਬ ਤਹਿਸੀਲਦਾਰ ਮਹਿਲਕਲਾਂ ਨੂੰ ਜੇਲ੍ਹੀਂ ਬੰਦ ਆਗੂਆਂ ਦੀ ਰਿਹਾਈ ਲਈ ਮੰਗ ਪੱਤਰ ਵੀ ਦਿੱਤਾ।

-ਨਰਾਇਣ ਦੱਤ


Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ