Mon, 17 June 2024
Your Visitor Number :-   7118756
SuhisaverSuhisaver Suhisaver

ਦੋ ਦਹਾਕਿਆਂ ਤੋਂ ਲਟ ਲਟ ਕਰਕੇ ਬਲ ਰਹੀ ਸੰਘਰਸ਼ ਦੀ ਗਾਥਾ ਕਿਰਨਜੀਤ ਕੌਰ ਕਾਂਡ ਮਹਿਲਕਲਾਂ

Posted on:- 25-08-2018

suhisaver

ਲੋਕ ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਨ ਦਾ ਮਾਮਲਾ

29 ਜੁਲਾਈ 1997 ਨੂੰ ਇੱਕ ਅੰਗਹੀਣ ਅਧਿਆਪਕ ਦੀ ਨਾਬਾਲਗ ਧੀ ਕਿਰਨਜੀਤ ਕੌਰ ਨੂੰ ਯੋਜਨਾਬੱਧ ਢੰਗ ਨਾਲ ਅਗਵਾ ਕਰਕੇ ਸਮੂਹਿਕ ਜਬਰ ਜਿਨਾਹ ਦਾ ਸ਼ਿਕਾਰ ਬਨਾਉਣ ਤੋਂ ਬਾਹਰ ਕਤਲ ਕਰਕੇ ਲਾਸ਼ ਨੂੰ ਆਪਣੇ ਖੇਤਾਂ ਵਿੱਚ ਦੱਬ ਦੇਣ ਵੇਲੇ 55 ਸਾਲ ਤੋਂ ਦਨਦਨਾਉਂਦੇ ਜਾਬਰਾਂ ਨੇ ਇਹ ਕਦੇ ਵੀ ਨਹੀਂ ਸੋਚਿਆ ਹੋਣਾ ਕਿ ਬੇਜਾਨ ਬਣਾਕੇ ਦੱਬ ਦਿੱਤੀ ਗਈ ਲਾਸ਼ ਵੀ ਜਿਉਂਦੀ ਹੋਵੇਗੀ ਅਤੇ ਉਨ੍ਹਾਂ ਦੇ ਸਮਰਾਜ ਦੀ ਕਬਰਪੁੱਟ ਸਾਬਤ ਹੋਵੇਗੀ। ਇਤਿਹਾਸ ਦਾ ਪਹੀਆ ਜਦੇ ਵੀ ਇੱਕਸਾਰ ਨਹੀਂ ਚੱਲਦਾ ਜੇਕਰ ਕਿਸੇ ਸਮੇਂ ਇਸ ਬਦਨਾਮ ਗੁੰਡੇ ਟੋਲੇ ਦੀਆਂ ਹੇਮੂ ਬਾਣੀਏ ਵਾਲੀਆਂ ਵਾਲੀਆਂ ਚਲਦੀਆਂ ਰਹਿਣ ਦਾ ਕਾਲਖ ਭਰਿਆ ਇਤਿਹਾਸ ਹੈ ਤਾਂ ਇਸੇ ਕਾਲੇ ਕਾਰਨਾਮੇ ਕਰਨ ਵਾਲਿਆਂ ਖਿਲਾਫ ਨੌਜਵਾਨ ਭਾਰਤ ਸਭਾ ਪੰਜਾਬ ਤੋਂ ਲੈਕੇ ਹੀ ਟੱਕਰਾਂ ਲੈਣ ਦਾ ਸ਼ਾਨਾਮੱਤਾ ਇਤਿਹਾਸ ਹੈ। ਇਹ ਵਰਤਾਰਾ 'ਜੇ ਜਿਉਂਦਾ ਉਡਵਾਇਰ ਹੈ-ਊਧਮ ਨਹੀਂ ਮਰਿਆ' ਨੂੰ ਸੱਚ ਸਾਬਤ ਕਰਦਾ ਆ ਰਿਹਾ ਹੈ। ਜਦ ਮਾਂ-ਬਾਪ ਦੀ ਇਕਲੌਤੀ ਜਵਾਨ ਧੀ ਵਾਪਸ ਘਰ ਨਾਂ ਮੁੜੀ ਤਾਂ ਮਾਪਿਆਂ ਦਾ ਚਿੰਤਾਤੁਰ ਹੋਣਾ ਸੁਭਾਵਿਕ ਹੁੰਦਾ ਹੈ।

ਚੋਰ ਭਾਵੇਂ ਲੱਖ ਸਬੂਤ ਮਿਟਾ ਦੇਵੇ ਪਰ ਪੈੜ ਛੱਡ ਹੀ ਜਾਂਦਾ ਹੈ। ਕੱਸੀ ਰਸਤਿਉਂ ਲੰਘਣ ਵਾਲੀ ਕਿਰਨਜੀਤ ਕੌਰ ਦਾ ਰਸਤਾ ਘੇਰਨ ਲਈ ਵੱਢੀ ਗਈ ਕਿੱਕਰ ਹੀ ਅਜਿਹਾ ਸਬੂਤ ਰਹਿ ਗਈ ਕਿ ਲੰਘਣ ਵਾਲਾ ਹਰ ਵਿਅਕਤੀ ਸ਼ੱਕ ਦੀ ਨਜਰ ਨਾਲ ਵੇਖਣ ਲਈ ਮਜਬੂਰ ਸੀ ਕਿ ਆਖਿਰ ਇਹ ਦਰਖੱਤ ਕਿਉਂ ਵੱਢਿਆ ਹੋਇਆ। ਵੱਢਣ ਵਾਲੇ ਨੇ ਚੱਕਿਆ ਕਿਉਂ ਨਹੀਂ। ਇਸੇ ਸ਼ੱਕ ਕਾਰਨ ਕਿਰਨਜੀਤ ਕੌਰ ਦਾ ਸਾਈਕਲ,ਕਿਤਾਬਾਂ ਅਤੇ ਉਸੇ ਖੇਤ ਵਿੱਚੋਂ ਹੀ ਕੁਝ ਫਾਸਲੇ ਤੋਂ ਅੰਦਰੂਨੀ ਬਸਤਰ ਮਿਲ ਗਏ ਸਨ। ਪੁਲਿਸ ਪਾਸ ਜਾਣ ਤੇ ਪਹਿਲੀ ਸੱਟੇ ਥਾਣੇ ਦੀ ਲਾਪਰਵਾਹੀ ਸ਼ੱਕੀ ਬਣ ਗਈ ਸੀ।

ਜਿਸ ਨੇ ਬੱਜਰ ਸਬੂਤ ਮਿਲ ਜਾਣ ਤੋਂ ਬਾਅਦ ਵੀ ਉੱਧਰ ਉਂਗਲ ਤੱਕ ਨਹੀਂ ਕੀਤੀ ਸਗੋਂ ਟਾਲਮਟੋਲ ਦੀ ਨੀਤੀ ਜਾਰੀ ਰਹੀ। ਪ੍ਰੀਵਾਰ ਨੇ ਹਰ ਹੀਲਾ ਵਰਤਿਆ,ਪੁਲਿਸ ਅਧਿਕਾਰੀਆਂ,ਸਿਆਸੀ ਲੋਕਾਂ ਤੱਕ ਪਹੁੰਚ ਕੀਤੀ ਪਰ ਸਭ ਦਾ ਜਵਾਬ ਘੜਿਆ ਘੜਾਇਆ ਮਿਲਦਾ ਰਿਹਾ। ਅਖੀਰ 2 ਅਗਸਤ 1997 ਪ੍ਰੀਵਾਰ ਨੇ ਇਲਾਕੇ ਦੀ ਸਰਗਰਮ ਇਨਕਲਾਬੀ ਜਮਹੂਰੀ ਲਹਿਰ ਦੀ ਸੰਘਰਸ਼ਸ਼ੀਲ ਆਗੂ ਟੀਮ ਨਾਲ ਸੰਪਰਕ ਕਰਕੇ ਇਨਸਾਫ ਦੀ ਮੰਗ ਕੀਤੀ। ਵੱਖੋ-ਵੱਖ ਵਿਚਾਰਾਂ ਦੇ ਆਗੂਆਂ ਦੀ ਐਕਸ਼ਨ ਕਮੇਟੀ ਹੋਂਦ'ਚ ਆਈ। ਪੂਰੀ ਘੋਖ ਪੜਤਾਲ ਤੋਂ ਬਾਅਦ ਸੰਘਰਸ਼ ਰਾਹੀਂ ਇਨਸਾਫ ਹਾਸਲ ਕਰਨ ਦਾ ਤਹਿ ਕੀਤਾ ਗਿਆ।ਜਿਸ ਪਾਸੇ ਵੱਲ ਵੱਲ ਸ਼ੱਕ ਦੀ ਸੂਈ ਜਾਂਦੀ ਸੀ ਉਨ੍ਹਾਂ ਦੀ ਪੁਲਿਸ ਅਤੇ ਸਿਆਸੀ ਪੁੱਗਤ ਬਾਰੇ ਵੀ ਗੰਘੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਕਿ ਚੁਣੌਤੀ ਭਲੇ ਹੀ ਵਡੇਰੀ ਹੈ ਪਰ 'ਹੱਥ ਤੇ ਹੱਥ ਧਰਿਆਂ'ਤਾਂ ਇਨਸਾਫ ਹਾਸਲ ਹੋਣ ਦੀ ਕੋਈ ਉਮੀਦ ਵੀ ਨਹੀਂ। ਐਕਸ਼ਨ ਕਮੇਟੀ ਨੇ ਰਸਮੀ ਸੱਦਾ ਦੇਣ ਦੀ ਥਾਂ ਵਡੇਰੇ ਚੈਲੰਜ ਨੂੰ ਧਿਆਨ'ਚ ਰੱਖਦਿਆਂ ਤਿਆਰੀ ਵਜੋਂ ਰੱਖੇ ਹਰ ਸੰਘਰਸ਼ ਸੱਦੇ ਨੂੰ ਲੋਕਾਂ'ਚ ਲ਼ੈਜਾਣ ਦਾ ਜੁਅਰੱਤਮੰਦ ਫੈਸਲਾ ਕੀਤਾ। ਵਿਸ਼ਾਲ ਲੋਕਾਂ ਵੱਲੋਂ ਮੁੱਢਲੇ ਦਾਬੇ ਤੋਂ ਬਾਅਦ ਬਹੁਤ ਵੱਡਾ ਸਮਰਥਨ ਮਿਲਿਆ। ਸੈਂਕੜਿਆਂ ਤੋਂ ਸ਼ੁਰੂ ਹੋਈ ਹਮਾਇਤ ਦਹਿ ਹਜਾਰਾਂ ਤੱਕ ਪੁੱਜ ਗਈ।  ਅਤਿ ਦੀ ਗਰਮੀ,ਹੁੰਮਸ,ਕੜਕਦੀਆਂ ਧੁੱਪਾਂ ਦੀ ਪ੍ਰਵਾਹ ਨਾਂ ਕਰਦਿਆਂ ਸ਼ਾਮਲ ਹੋਣ ਵਾਲੇ ਕਾਫਲਿਆਂ ਦੀ ਬਦੌਲਤ ਮਹਿਲਕਲਾਂ ਦੀ ਧਰਤੀ ਸੰਘਰਸ਼ਾਂ ਦੇ ਅਖਾੜੇ ਵਿੱਚ ਤਬਦੀਲ ਹੋ ਗਈ। ਬੇਜਾਨ ਬਣਾਕੇ ਧਰਤ ਦੀ ਕੁੱਖ ਚੋਂ ਦੱਬੀ ਕਿਰਨਜੀਤ ਕੌਰ ਦੀ ਨਗਨ ਹਾਲਤ ਵਿੱਚ ਲਾਸ਼ ਉਨ੍ਹਾਂ ਕਾਤਲਾਂ ਹੱਥੋਂ ਬਰਾਮਦ ਕੀਤੀ ਗਈ ਜਿਨ੍ਹਾਂ ਵੱਲ ਐਕਸ਼ਨ ਕਮੇਟੀ ਮਹਿਲਕਲਾਂ ਨੇ ਮੁੱਢ ਤੋਂ ਸੂਈ ਰੱਖੀ ਸੀ। ਬੇਜਾਨ ਲਾਸ਼ ਜੋ ਕੁੱਝ ਜਿਉਂਦਿਆਂ ਉਸ ਨਾਲ ਹੋਇਆ ਸੁਤੇ ਸਿੱਧ ਬੋਲ ਰਹੀ ਸੀ ਜਿਵੇਂ ਕਿਰਨਜੀਤ ਕੌਰ ਨੇ ਸੱਤ ਜਾਬਰਾਂ ਨਾਲ ਟਾਕਰਾ ਲਿਆ ਉਹ ਵੀ ਬੋਲ ਰਿਹਾ ਸੀ,ਗੁੰਡਿਆਂ ਨਾਲ ਝਪਟਦਿਆਂ ਕੀਤਾ ਟਾਕਰਾ ਵੀ ਮੌਜੂਦ ਰਿਹਾ ਜਦ ਕਿਰਨਜੀਤ ਕੌਰ ਦੇ 'ਹੱਥਾਂ'ਚ ਗੁੰਡਿਆਂ ਦੇ ਪੁੱਟੇ ਹੋਏ ਵਾਲ' ਮੌਜੂਦ ਸਨ। ਜੂਝ ਮਰਨ ਦੀ ਭਾਵਨਾ ਨਾਲ ਅਗਵਾਈ ਕਰਨ ਵਾਲੀ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ ਵਾਲੇ ਲੋਕਾਈ ਦੇ ਵਿਸ਼ਾਲ ਸਮੁੰਦਰ ਨੇ ਸਭ ਗਿਣਤੀਆਂ ਮਿਣਤੀਆਂ ਪੁੱਠੀਆਂ ਪਾ ਦਿੱਤੀਆਂ।"

ਮਹਿਲਕਲਾਂ ਦੀ ਧਰਤੀ 50 ਦਿਨ ਸੰਘਰਸ਼ ਦਾ ਅਖਾੜਾ ਬਣੀ ਰਹੀ।"ਇਸ ਸਮੇਂ ਸਹੀ ਕਾਤਲਾਂ ਦੀ ਪਛਾਣ,ਕਾਤਲਾਂ ਦੀ ਮੱਦਦ ਕਰਨ ਵਾਲੇ ਪੁਲਿਸ ਅਧਿਾਕਰੀ ਅਤੇ ਸਿਆਸਤਦਾਨ ਵੀ ਲੋਕ ਸੱਥਾਂ'ਚ ਬੇਪੜਦ ਹੋਏ।ਅਸਲ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਹੋਏ। ਮਹਿਲਕਲਾਂ ਦੇ ਸਰਾਕਰੀ ਸਕੂਲ ਦਾ ਨਾਂ ਬਦਲਕੇ ਮੁੱਖ ਮੰਤਰੀ ਬਾਦਲ ਨੇ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲਕਲਾਂ ਦੇ ਨਾਂ ਰੱਖਿਆ। ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਖਤ ਸਜ਼ਾਵਾਂ ਹੋਈਆਂ। ਲੰਬਾ ਸਮਾਂ ਦੋਸ਼ੀਆਂ ਦੀ ਮੱਦਦ ਕਰਨ ਵਾਲੇ ਸਿਆਸਤਦਾਨਾਂ ਦਾ ਮਹਿਲਕਲਾਂ ਦੀ ਧਰਤੀ'ਤੇ ਦਾਖਲਾ ਬੰਦ ਰਿਹਾ। ਚੁਣੌਤੀਆਂ ਦੇ ਬਾਵਜੂਦ ਲੋਕ ਸੰਘਰਸ਼ ਦੀਆਂ ਇਹ ਸ਼ਾਨਾਮੱਤਾ ਪ੍ਰਾਪਤੀਆਂ ਹਨ। ਲੋਕ ਸੰਘਰਸ਼ ਨੇ ਅਹਿਮ ਮੋੜ ਕੱਟਿਆ ਜਦ 3 ਮਾਰਚ 2001 ਨੂੰ ਪੇਸ਼ੀ ਭੁਗਤਣ ਆਏ ਕਿਰਨਜੀਤ ਕੌਰ ਦੇ ਮੁਜਰਮਾਂ ਦੇ ਸਰਗਣੇ ਦਲੀਪੇ ਦਾ ਕੁੱਝ ਵਅਕਤੀਆਂ ਦਾ ਬਰਨਾਲਾ ਕਚੈਹਰੀ ਅਹਾਤੇ ਵਿੱਚ ਹੀ ਝਗੜਾ ਹੋ ਗਿਆ ਜੋ ਕੁੱਝ ਦਿਨ ਦਾਖਲ ਰਹਿਣ ਤੋਂ ਬਾਅਦ ਦਮ ਤੋੜ ਗਿਆ। ਯੋਜਨਾਬੱਧ ਢੰਗ ਨਾਲ ਪ੍ਰਸ਼ਾਸ਼ਨ,ਸਰਕਾਰ ਅਤੇ ਗੁੰਡਿਆਂ ਦੀ ਅੱਖ ਵਿੱਚ ਰੜਕਦੀ ਐਕਸ਼ਨ ਕਮੇਟੀ ਦੇ ਤਿੰਨ ਆਗੂਆਂ(ਮਨਜੀਤ ਧਨੇਰ,ਨਰਾਇਣ ਦੱਤ ਅਤੇ ਪ੍ਰੇਮ ਕੁਮਾਰ) ਨੂੰ ਵੀ ਇਸ ਕੇਸ ਵਿੱਚ ਸ਼ਾਮਿਲ ਕਰਕੇ ਨਵੀਂ ਚੁਣੌਤੀ ਖੜੀ ਕਰ ਦਿੱਤੀ ਅਤੇ ਸ਼ੈਸ਼ਨ ਅਦਾਲਤ ਨੇ 28-30 ਮਾਰਚ 2005 ਨੂੰ ਬਾਕੀਆਂ ਸਮੇਤ ਉਮਰ ਕੈਦ ਸਜ਼ਾ ਸੁਣਾ ਦਿੱਤੀ। "ਮਹਿਲਕਲਾਂ ਦੀ ਧਰਤੀ ਨੇ ਫਿਰ ਉਬਾਲ ਖਾਧਾ ਨਾਂ ਡਰੇ ਨਾਂ ਦਹਿਸ਼ਤਜੁਦਾ ਹੋਏ" ਸਗੋਂ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਲੜੇ ਗਏ ਵਿਸ਼ਾਲ ਸਿਰੜੀ ਸੁਚੇਤ ਸੰਘਰਸ਼ ਦੀ ਬਦੌਲਤ 24-07-2007 ਨੂੰ ਗਵਰਨਰ ਪੰਜਾਬ ਨੂੰ ਤਿੰਨਾਂ ਲੋਕ ਆਗੂਆਂ ਦੀ ਸਜ਼ਾ ਪਾਰਡਨ(PARDON) ਕਰਨ ਲਈ ਮਜਬੂਰ ਕਰ ਦਿੱਤਾ। ਕਾਤਲੀ ਟੋਲੇ ਵੱਲੋਂ ਗਵਰਨਰ ਪੰਜਾਬ ਦੇ ਇਸ ਹੁਕਮ ਨੂੰ ਹਾਈਕੋਰਟ ਵਿੱਚ ਚੁਣੌਤੀ ਦੇਣ ਤੋਂ 11 ਮਾਰਚ 2008 ਨੂੰ ਗਵਰਨਰ ਪੰਜਾਬ ਦਾ ਹੁਕਮ ਰੱਦ ਕਰਦਿਆਂ ਅਪੀਲ ਸੁਣਵਾਈ ਵਿੱਚ ਦੋ ਲੋਕ ਆਗੂਆਂ ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਬਰੀ ਕਰਦਿਆਂ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਬਾਕੀਆਂ ਨਾਲ ਹੀ ਬਰਕਰਾਰ ਰੱਖ ਦਿੱਤੀ। ਉਸੇ ਸਮੇਂ ਤੋਂ ਇਸ ਚੁਣੌਤੀ ਨੂੰ ਮਹਿਲਕਲਾਂ ਦੀ ਧਰਤ ਦੇ ਅਣਖੀਲੇ ਵਾਰਸਾਂ ਨੇ ਕਬੂਲਿਆ ਹੋਇਆ ਹੈ। ਮਨਜੀਤ ਧਨੇਰ ਦੀ ਸੁਪਰੀਮ ਕੋਰਟ ਵਿੱਚੋ ਜਮਾਨਤ ਮਿਲਣ ਤੋਂ ਬਾਅਦ ਵੀ ਐਕਸ਼ਨ ਕਮੇਟੀ ਨੇ ਚੌਕਸੀ ਬਰਕਰਾਰ ਰੱਖੀ ਹੋਈ ਹੈ। ਹੁਣ ਜਦ ਇਹ ਮਨਜੀਤ ਧਨੇਰ ਉਮਰ ਕੈਦ ਸਜ਼ਾ ਵਾਲਾ ਕੇਸ ਸੁਪਰੀਮ ਕੋਰਟ ਵਿੱਚ ਸੁਣਵਾਈ ਲਈ ਲੱਗ ਚੁੱਕਾ ਹੈ ਤਾਂ ਪੂਰੇ ਪੰਜਾਬ ਦੇ ਜੁਝਾਰੂ,ਸੰਘਰਸ਼ਸ਼ੀਲ,ਇਨਸਾਫਪਸੰਦ ਕਾਫਲਿਆਂ ਦੀਆਂ ਨਿਗਾਹਾਂ ਪਲ-ਪਲ ਦੀ ਨਜਰਸਾਨੀ ਕਰ ਰਹੀਆਂ ਹਨ। ਗਵਰਨਰ ਪੰਜਾਬ ਕੋਲੋਂ ਸਜ਼ਾ ਰੱਦ ਕਰਨ ਵਾਲਾ ਮਸਲਾ (ਜੋ ਸੁਪਰੀਮ ਕੋਰਟ ਨੇ 24 ਫਰਬਰੀ 2011 ਨੂੰ ਰਿਮਾਂਡ ਕਰਨ ਲਈ ਭੇਜਿਆ ਸੀ) ਪੂਰਾ ਭਖ ਚੁੱਕਾ ਹੈ।

ਸਮੁੱਚੇ ਪੰਜਾਬ ਦੀਆਂ ਦੋ ਦਰਜਣ ਤੋਂ ਵੀ ਵਧੇਰੇ ਜਨਤਕ ਜਮਹੂਰੀ ਜਥੇਬੰਦੀਆਂ ਸੰਘਰਸ਼ ਦੇ ਮੈਦਾਨ.ਚ ਨਿੱਤਰ ਆਈਆਂ ਹਨ। ਆਗੂਆਂ ਦਾ ਮੰਨਣਾ ਹੈ ਕਿ ਇਹ ਸਜ਼ਾ ਲੋਕ ਆਗੂ ਮਨਜੀਤ ਧਨੇਰ ਨੂੰ ਸਜ਼ਾ ਨਹੀਂ ਹੈ। ਇਹ ਸਮਾਜਿਕ ਜਬਰ ਖਾਸ ਕਰ ਔਰਤ ਹੱਕਾਂ ਲਈ ਸਮੇਤ ਕਿਸਾਨ-ਮਜਦੂਰ ਸਮੇਤ ਹੋਰਨਾਂ ਮਿਹਨਤਕਸ਼ ਤਬਕਿਆਂ ਲਈ ਸੰਘਰਸ਼ ਕਰਨ ਵਾਲੇ ਤਬਕਿਆਂ ਦੇ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਵਿਚਾਰ ਉੱਪਰ ਹਮਲਾ ਹੈ । ਇਸ ਹਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੀ ਸੰਘਰਸ਼ ਦੇ ਪਹਿਲੇ ਪੜਾਅ ਵਜੋਂ 25 ਅਗਸਤ ਨੂੰ ਸਮੁੱਚੇ ਪੰਜਾਬ ਦੇ ਵਿਧਾਇਕਾਂ/ਮੰਤਰੀਆਂ/ਪਾਰਲੀਮੈਂਟ ਮੈਂਬਰਾਂ ਨੂੰ ਵੱਡੇ ਵਫਦਾਂ ਰਾਹੀਂ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਮੰਗ ਪੱਤਰ ਸੌਂਪੇ ਜਾਣਗੇ। 29ਅਗਸਤ ਨੂੰ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਪੰਜਾਬ ਦੀ ਅਣਖੀਲੀ ਧਰਤ ਝੁਕਣ ਦੇ ਮੂਡ'ਚ ਨਹੀਂ ਇੱਕ ਵਾਰ ਆਪਣਾ ਸੰਘਰਸ਼ਮਈ ਵਿਰਸਾ ਬੁਲੰਦ ਕਰੇਗੀ।

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ