Sun, 14 July 2024
Your Visitor Number :-   7186847
SuhisaverSuhisaver Suhisaver

ਤੀਹ ਰੁਪਏ ਦੇ ਰਸਗੁੱਲੇ ਤੇ ਜ਼ਿੰਦਗੀ ਦੀ ਕੁੜੱਤਣ

Posted on:- 21-08-2019

suhisaver

-ਕਪੂਰਥਲਾ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ

ਕਿੰਝ ਪਲਣਗੇ ਬਾਬਾ ਬਾਲ ਗਰੀਬਾਂ ਦੇ
ਕੱਚੀ ਲੱਸੀ ਵਰਗੇ ਹਾਲ ਗਰੀਬਾਂ ਦੇ
ਮੇਰੇ ਕੋਲੋਂ ਲੋਕੇ ਵੇਖੇ ਜਾਂਦੇ ਨਈਂ
ਪਾਟੇ ਲੀੜੇ ਹਾੜ ਸਿਆਲ ਗਰੀਬਾਂ ਦੇ
ਜਿਹੜਾ ਵਾਰਸ ਧਰਤੀ ਤੇ ਅਸਮਾਨਾਂ ਦਾ
ਉਹ ਵੀ ਗੁੱਸੇ ਲੱਗੇ ਨਾਲ ਗਰੀਬਾਂ ਦੇ..


ਅਕਸਰ ਮਸੂਮ ਲੋਕਾਂ ਦੇ ਕਾਲਜਿਆਂ ਚ ਕੁਦਰਤ ਤੇ ਬੰਦਿਆਂ ਦੇ ਮਾਰੇ ਖੰਜਰਾਂ ਦਾ ਦਰਦ ਮਹਿਸੂਸ ਕਰਦਿਆਂ ਬਾਬਾ ਨਜ਼ਮੀ ਸਾਹਿਬ ਦੀਆਂ ਇਹ ਸਤਰਾਂ ਚੇਤੇ ਆ ਜਾਂਦੀਆਂ ਨੇ।  

ਅਜਿਹੇ ਹੀ ਦਰਦਾਂ ਨਾਲ ਪਰੁੰਨੇ ਇਕ ਪਰਿਵਾਰ ਨੂੰ ਮਿਲਦੇ ਹਾਂ...

ਕਪੂਰਥਲਾ ਸਰਕੂਲਰ ਰੋਡ ਉਤੇ ਸੁਲਤਾਨਪੁਰ ਬਾਈਪਾਸ ਲਾਗੇ ਇਕ ਖੰਡਰਨੁਮਾ ਇਮਾਰਤ ਹੈ, ਇਕ ਵਰਾਂਡਾ ਤੇ ਉਪਰ ਡਿਗੂੰ ਡਿਗੂੰ ਕਰਦਾ ਇਕ ਹੀ ਕਮਰਾ, ਮਸਾਂ ੧੨-੧੩ ਫੁੱਟ ਦਾ, ਵਿਚ ਇਕ ਟੁੱਟਿਆ ਜਿਹਾ ਡਬਲ ਬੈਡ, ਇਕ ਨੁਆਰ ਦਾ ਵੱਡੇ-ਵੱਡੇ ਝਰੋਖਿਆਂ ਵਾਲਾ ਮੰਜਾ, ਜੀਹਦੇ ਚ ਫਟੇ ਪੁਰਾਣੇ ਕੱਪੜੇ ਤੁੰਨ ਕੇ ਬੈਲੈਂਸ ਬਣਾਉਣ ਦਾ ਯਤਨ ਕੀਤਾ ਗਿਆ ਹੈ।

ਬੱਸ ਇਉਂ ਹੀ ਜ਼ਿੰਦਗੀ ਨੂੰ ਬੈਲੈਂਸ ਕਰਨ ਦੀ ਅਸਫਲ ਕੋਸ਼ਿਸ਼ ਕਰ ਰਹੇ ਨੇ ਪੰਜਾਹ ਸਾਲਾ ਸੰਜੇ, 42 ਕੁ ਸਾਲ ਦੀ ਉਸ ਦੀ ਪਤਨੀ ਵਰਸ਼ਾ, ਤੇ ਚਾਰ ਬੱਚੇ।

ਸੁਨਿਆਰਾ ਭਾਈਚਾਰੇ ਦਾ ਇਹ ਪਰਿਵਾਰ ਜਿਹੜੇ ਹਾਲਾਤਾਂ ਚ ਰਹਿ ਰਿਹਾ ਹੈ, ਉਸ ਨੇ ਇਕ ਭਰਮ ਤਾਂ ਦੂਰ ਕਰ ਦਿੱਤਾ ਕਿ ਕਿਸੇ ਵੀ ਸਮਾਜ ਵਿਚੋਂ, ਕਿਸੇ ਵੀ ਭਾਈਚਾਰੇ ਚੋਂ ਹਾਸ਼ੀਏ ਉਤੇ ਧੱਕੇ ਜਾਣ ਲਈ ਬੱਸ ਦੋ ਹੀ ਸ਼ਰਤਾਂ ਦਾ ਹੋਣਾ ਜ਼ਰੂਰੀ ਹੈ, ਇਕ ਤਾਂ ਗੁਰਬਤ ਦੀ ਮਾਰ, ਤੇ ਦੂਜੀ ਕੁਦਰਤ ਦੀ ਮਾਰ। ਇਹ ਪਰਿਵਾਰ ਦੋਵੇਂ ਸ਼ਰਤਾਂ ਪੂਰੀਆਂ ਕਰਦਾ ਹੈ, ਇਸ ਕਰਕੇ ਆਪਣੇ ਭਾਈਚਾਰੇ ਵਲੋਂ ਕੀ, ਪੂਰੇ ਸਮਾਜ ਵਲੋਂ ਹੀ ਪੂਰੀ ਤਰਾਂ ਹਾਸ਼ੀਏ ਤੇ ਧੱਕ ਦਿੱਤਾ ਗਿਆ ਹੈ।

ਸੰਜੈ, ਐਲੂਮੀਨੀਅਮ ਦਾ ਚੰਗਾ ਕਾਰੋਬਾਰੀ ਸੀ, ਕਪੂਰਥਲਾ ਸ਼ਹਿਰ ਚ ਐਲੂਮੀਨੀਅਮ ਦਾ ਕੰਮ ਲਿਆਉਣ ਤੇ ਦਰਜਨਾਂ ਲੋਕਾਂ ਨੂੰ ਇਸ ਕਾਰਜ ਚ ਸਮਰਥ ਬਣਾਉਣ ਵਾਲਾ ਸੀ, ਪਰ ਯਾਰ ਮਾਰ ਨੇ ਉਸ ਨੂੰ ਪੂਰੀ ਤਰਾਂ ਕੰਗਾਲ ਕਰਕੇ ਰੱਖ ਦਿਤਾ, ਉਹ ਐਲੂਮੀਨੀਅਮ ਦੇ ਦਰਵਾਜ਼ੇ, ਖਿੜਕੀਆਂ, ਅਲਮਾਰੀਆਂ, ਪੇਟੀਆਂ ਆਦਿ ਬਣਾਉਣ ਦੇ ਠੇਕੇ ਲੈਂਦਾ ਸੀ, ਇਕ ਦੋਸਤ ਨੇ ਭਾਈਵਾਲੀ ਕਰ ਲਈ, ਕਿ ਮੈਂ ਠੇਕੇ ਲੈ ਕੇ ਆਵਾਂਗਾ, ਕੰਮ ਸਾਂਝਾ ਕਰਾਂਗੇ, ਪੈਸੇ ਅੱਧੋ ਅੱਧ, ਸਾਫ ਦਿਲ, ਨੇਕ ਨੀਅਤ ਵਾਲਾ ਸੰਜੇ ਮੰਨ ਗਿਆ, ਭਾਈਵਾਲ ਦੋਸਤ ਸਾਲ ਭਰ ਠੇਕੇ ਲੈਂਦਾ ਰਿਹਾ, ਕਿ ਪੈਸੇ ਇਕੱਠੇ ਲਵਾਂਗੇ, ਕੋਈ ਮੋਟਾ ਫਾਇਦਾ ਹੋ ਜਾਏਗਾ, ਪਰ ਜਦ ਪੈਸੇ  ਚਾਰ ਲੱਖ ਰੁਪਏ ਦੇ ਕਰੀਬ ਗਾਹਕਾਂ ਵੱਲ ਬਣ ਗਏ ਤਾਂ ਅਗਲਾ ਸਾਰੇ ਪੈਸੇ ਲੈ ਕੇ ਔਹ ਗਿਆ ਔਹ ਗਿਆ..

ਸੰਜੈ ਬਰਬਾਦ ਹੋ ਗਿਆ, ਜੱਦੀ ਘਰ ਦਿੱਲੀ ਦੇ ਵਿਸ਼ਨੂ ਨਗਰ ਵਿਚ ਸੀ, ਬੀਵੀ ਬੱਚਿਆਂ ਨੂੰ ਲੈ ਕੇ ਦਿੱਲੀ ਚਲਾ ਗਿਆ, ਮਾਪੇ ਹੈ ਨਹੀਂ ਸਨ, ਵੱਡੇ ਭਰਾ ਨੂੰ ਹੀ ਛੋਟਾ ਭਰਾ ਸੰਜੇ ਪਿਤਾ ਸਮਾਨ ਮੰਨਦਾ ਸੀ, ਪਰ ਵੱਡੇ ਭਰਾ ਨੇ ਜੱਦੀ ਪੁਸ਼ਤੀ ਕੀਮਤੀ ਘਰ ਸੰਜੇ ਨੂੰ ਜਜ਼ਬਾਤੀ ਕਰਕੇ ਆਪਣੇ ਇਕੱਲੇ ਦੇ ਨਾਮ ਵਸੀਅਤ ਕਰਵਾ ਲਈ ਕਿ ਜਦ ਤੁਹਾਨੂ ਜ਼ਰੂਰਤ ਹੋਵੇਗੀ ਤਾਂ ਬਣਦੇ ਪੈਸੇ ਦੇ ਦਿਆਂਗਾ, ਨਾ ਉਸ ਨੇ ਪੈਸੇ ਦੇਣੇ ਸੀ, ਨਾ ਦਿੱਤੇ, ਵੱਡੇ ਭਰਾ ਦੀ ਮੌਤ ਹੋ ਗਈ ਤਾਂ ਓਹਦੇ ਟੱਬਰ ਨੇ ਸੰਜੇ ਦੇ ਟੱਬਰ ਨੂੰ ਘਰੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਭੋਲਾ ਪੰਛੀ ਸੰਜੇ ਇਕ ਵਾਰ ਫੇਰ ਸੜਕ ਤੇ ਆ ਗਿਆ, ਪਰ ਹਿਂਮਤ ਨਾ ਹਾਰੀ, ਦਿੱਲੀ ਚ ਕਿਰਾਏ ਦੇ ਕਮਰੇ ਚ ਰਹਿਣ ਲੱਗਿਆ, ਕੋਈ ਨਾ ਕੋਈ ਮਾੜਾ ਮੋਟਾ ਕੰਮ ਕਰਦਾ ਰਿਹਾ, ਰੇਡ਼ੂ ਰਿੜਦਾ ਰਿਹਾ।

ਪਰ ਦਿੱਲੀ ਵਰਗੇ ਸ਼ਹਿਰ ਚ ਦਿਹਾਡ਼ੀਦਾਰ ਦਾ ਬੱਚਿਆਂ ਨਾਲ ਗੁਜ਼ਰ ਬਸਰ ਉਸ ਹਿਸਾਬ ਨਾਲ ਨਹੀਂ ਸੀ ਹੋ ਰਿਹਾ, ਜੋ ਉਹਨਾਂ ਨੇ ਸੁਪਨੇ ਸਜਾਏ ਹੋਏ ਸਨ। ਯਾਰ ਮਾਰ, ਭਰਾ ਵਲੋਂ ਧੋਖਾ.. ਉਸ ਨੂੰ ਦਿਲ ਦਾ ਦੌਰਾ ਪੈ ਗਿਆ।

ਸੰਜੇ ਵਾਪਸ ਕਪੂਰਥਲੇ ਆ ਗਿਆ, ਸਹੁਰੇ ਇਸ ਸ਼ਹਿਰ ਚ ਨੇ, ਸੱਸ ਨੇ ਜ਼ੋਰ ਪਾਇਆ, ਕਿ ਮੇਰੇ ਕੋਲ ਰਹੋਂਗੇ ਤਾਂ ਮੈ ਦੁਖਦਾ ਸੁਖਦਾ ਦੇਖ ਸਕਦੀ ਹਾਂ..

ਸੰਜੇ ਦੀ ਪਤਨੀ ਵਰਸ਼ਾ, ਕਪੂਰਥਲੇ ਦੀ ਧੀ ਹੈ, ਸ਼ਹਿਰ ਦੇ ਮਸ਼ਹੂਰ ਹਿੰਦੂ ਕੰਨਿਆ ਕਾਲਜ ਦੀ ਹੋਣਹਾਰ ਵਿਦਿਆਰਥਣ, ਟੌਪਰ ਰਹੀ, ਬੀਏ ਭਾਗ ਦੂਜਾ ਟੌਪ ਕਰਕੇ ਪਾਸ ਕੀਤਾ, ਪਰ ਪਿਤਾ ਦਾ ਸਾਇਆ ਸਿਰ ਤੇ ਨਾ ਹੋਣ ਕਰਕੇ ਮਾਂ ਨੇ ਧੀ ਦਾ ਕੁਝ ਬਣਨ ਦੀਆਂ ਸੱਧਰਾਂ ਦਾ ਗਲ ਪਂਜ ਸੱਤ ਪੜੇ ਸੰਜੇ ਦੀ ਵਰ ਮਾਲਾ ਨਾਲ ਘੁੱਟ ਦਿੱਤਾ। ਵਿਧਵਾ ਮਾਂ ਨੂੰ ਖਰਾਬ ਹੋ ਰਹੇ ਜ਼ਮਾਨੇ ਦਾ ਡਰ ਸੀ, ਧੀ ਦੇ ਸੁਹੱਪਣ ਨੇ ਉਸ ਨੂੰ ਖੌਫਜ਼ਦਾ ਕਰ ਰੱਖਿਆ ਸੀ, ਵਿਆਹ ਕਰਕੇ ਮਾਂ ਸੁਰਖਰੂ ਹੋ ਗਈ, ਪਰ ਪ੍ਰੋਫੈਸਰ ਬਣ ਕੇ ਗਿਆਨ ਦੇ ਦੀਵੇ ਜਗਾਉਣ ਦੀ ਚਾਹਨਾ ਰੱਖਣ ਵਾਲੀ ਵਰਸ਼ਾ ਹਮੇਸ਼ਾ ਲਈ ਅੰਧਕਾਰ ਚ ਡੁੱਬ ਗਈ।

ਹਾਲੇ ਤਾਂ ਉਸ ਨੇ ਵਿਆਹ ਵਿਵਸਥਾ ਬਾਰੇ ਜਾਨਣਾ ਸੀ ਕਿ ਸਾਲ ਸਾਲ ਦੀ ਵਿਥ ਤੇ ਪੰਜ ਬੱਚੇ ਪੈਦਾ ਹੋ ਗਏ, ਤਿੰਨ ਧੀਆਂ ਤੇ ਦੋ ਪੁੱਤ। ਇਸ ਉਤੇ ਉਹ ਅੱਜ ਸ਼ਰਮਿੰਦਾ ਹੁੰਦੀ ਹੈ, ਆਖਦੀ ਹੈ ਕਿ ਮੈਨੂ ਲਗਦਾ ਸੀ ਕਿ ਵੱਧ ਬੱਚੇ ਪੈਦਾ ਕਰਕੇ ਮੈਂ ਆਪਣੇ ਸੁਪਨੇ ਚਕਨਾਚੂਰ ਕਰਨ ਵਾਲੀ ਮਾਂ ਨੂੰ ਤਕਲੀਫ ਦੇ ਰਹੀ ਹਾਂ, ਜੀਹਨੂ ਵਾਰ ਵਾਰ ਮੇਰਾ ਜਣੇਪਾ ਕਟਵਾਉਣ ਆਉਣਾ ਪੈਂਦਾ.. ਪਰ ਮੈਂ ਬਿਲਕੁਲ ਗਲਤ ਸੀ।

ਫੇਰ ਮੁਸਕਰਾ ਛਡਦੀ ਹੈ-ਚਲੋ ਜੋ ਰੱਬ ਦੀ ਕਰਨੀ..

ਕਪੂਰਥਲੇ ਵਾਪਸ ਆਏ ਤਾਂ ਵਰਸ਼ਾ ਦੀ ਮਾਂ ਨੇ ਪੰਜ ਕੁ ਸੌ ਮਹੀਨੇ ਦੀ ਮਿਲਦੀ ਪੈਨਸ਼ਨ ਵਿਚੋਂ ਰਾਸ਼ਨ ਪਵਾ ਦੇਣਾ, ਕਿਸੇ ਬੱਚੇ ਦਾ ਸਕੂਲ ਦਾ ਖਰਚਾ ਪੂਰਾ ਕਰਵਾ ਦੇਣਾ, ਵਰਸ਼ਾ ਦੇ ਦੋ ਭਰਾ ਨੇ,  ਚੰਗੀ ਕਮਾਈ ਵਾਲੇ, ਕਰੋਡ਼ਾਂ ਦੀ ਜੱਦੀ ਜਾਇਦਾਦ ਦੇ ਮਾਲਕ.. ਜਦ ਤੱਕ ਮਾਂ ਰਹੀ, ਮਾਂ ਜਬਰੀ ਧੀ ਨੂ ਉਹਨਾਂ ਭਰਾਵਾਂ ਤੋਂ ਵੀ ਕੋਈ ਨਾ ਕੋਈ ਮਦਦ ਦਿਵਾਉਂਦੀ ਰਹੀ, ਇਕ ਭਰਾ ਦੇ ਸਿਰ ਵਰਸ਼ਾ ਦੀ ਇਕ ਧੀ ਦੀ ਸਕੂਲ ਫੀਸ ਦਾ ਜਿ਼ਮਾ ਲਾਇਆ, ਪਰ ਜਦ ਮਾਂ ਮੁੱਕ ਗਈ, ਸਸਕਾਰ ਤੋਂ ਬਾਅਦ ਭਰਾ ਭਰਜਾਈਆਂ ਨੇ ਵਰਸ਼ਾ ਲਈ ਘਰ ਦੇ ਦਰਵਾਜ਼ੇ ਸਦਾ ਲਈ ਢੋਅ ਦਿੱਤੇ।

ਕੁਦਰਤ ਕਾਹਦੀ ਸਜ਼ਾ ਲੈ ਰਹੀ ਹੈ, ਇਸ ਦਾ ਜੁਆਬ ਸ਼ਾਇਦ ਕਿਸੇ ਕੋਲ ਨਹੀਂ।

ਕਪੂਰਥਲੇ ਵਾਪਸ ਆ ਕੇ ਸੰਜੇ ਦੇ ਪੁਰਾਣੇ ਇਕ ਜਾਣਕਾਰ ਨੇ ਕੁਝ ਕੰਮ ਦਿੱਤਾ, ਤੇ ਜਿੱਥੇ ਅੱਜ ਉਹ ਰਹਿੰਦੇ ਨੇ, ਉਹ ਜਗਾ ਖਰੀਦਣ ਲਈ ਮਨਾ ਲਿਆ, ਕਿ ਮੇਨ ਸੜਕ ਤੇ ਜਗਾ ਹੈ, ਪੈਸੇ ਵੀ ਕਿਸ਼ਤਾਂ ਚ ਭਰ ਦੇਵੀਂ, ਕੋਈ ਕਾਰੋਬਾਰ ਖੋਲ ਕੇ ਜਿੰਨਾ ਮਰਜ਼ੀ ਕਮਾ ਲਈ ..

ਭੋਲ਼ਾ ਸੰਜੇ ਚੋਪੜੇ ਸ਼ਬਦੀ ਜਾਲ ਚ ਫੇਰ ਫਸ ਗਿਆ, ਜਾਣਕਾਰ ਜ਼ਰੀਏ ਥਾਂ ਖਰੀਦਣ ਲਈ ਪਤਨੀ ਦੇ ਗਹਿਣੇ, ਘਰ ਦਾ ਫਰਨੀਚਰ,ਕੂਲਰ, ਪੱਖੇ, ਫਰਿੱਜ, ਟੀਵੀ, ਅਲਮਾਰੀ, ਜੋ ਵੀ ਸਮਾਨ ਵਿਕ ਸਕਦਾ ਸੀ ਸਭ ਵੇਚ ਕੇ ਢਾਈ ਲੱਖ ਰੁਪਏ ਅਗਲੇ ਦੇ ਹੱਥ ਲਿਜਾ ਫੜਾਏ, ਮੇਰਾ ਭਰਾ ਮੇਰਾ ਭਰਾ ਕਰਕੇ ਅਗਲੇ ਨੇ ਮਹੀਨੇ ਦੀ ਵੀਹ ਹਜ਼ਾਰ ਕਿਸ਼ਤ ਬੰਨ ਲਈ ,ਸੌਦਾ ਪੰਜ ਲੱਖ ਦਾ ਕਰ ਲਿਆ,  ਨਾ ਸਂਜੇ ਨੇ ਪੁੱਛਿਆ ਕਿ ਜਗਾ ਦੀ ਰਜਿਸਟਰੀ ਕਦੋਂ ਕਰਵਾਉਣੀ ਹੈ, ਨਾ ਅਗਲੇ ਨੇ ਦੱਸਿਆ,

ਕਿਰਾਏ ਦੇ ਕਮਰੇ ਚੋਂ ਸਮਾਨ ਚੁਕਵਾ ਕੇ ਇਕ ਵਰਾਂਡੇ ਉਤੇ ਛੱਤੇ ਖੰਡਰਨੁਮਾ ਕਮਰੇ ਚ ਰਖਵਾ ਦਿੱਤਾ।  ਵੀਹ ਵੀਹ ਹਜ਼ਾਰ ਕਰਕੇ ਜਦੋਂ ਤਿੰਨ ਲੱਖ ਰੁਪਏ ਦੇ ਕਰੀਬ ਪੈਸੇ ਉਸ ਜਾਣਕਾਰ ਨੂੰ ਦੇ ਦਿੱਤੇ ਤਾਂ ਇਕ ਦਿਨ ਸੰਜੇ ਤੇ ਉਸ ਦੀ ਪਤਨੀ ਨੇ ਜਾ ਕੇ ਕਿਹਾ ਕਿ ਪੈਸੇ ਤਾਂ ਪੂਰੇ ਹੋ ਚੁੱਕੇ ਨੇ, ਆਪਾਂ ਰਜਿਸਟਰੀ ਕਰਵਾ ਲਈਏ, ਉਸ ਸ਼ਖਸ ਦੇ ਉਸੇ ਵਕਤ ਤੇਵਰ ਬਦਲ ਗਏ, ਲਏ ਪੈਸੇ ਵੀ ਮੁੱਕਰ ਗਿਆ, ਤੇ ਜਗਾ ਖਾਲੀ ਕਰਨ ਦਾ ਵੀ ਦਬਾਅ ਪਾਉਣ ਲੱਗਿਆ, ਸੰਜੇ ਨੂੰ ਫੇਰ ਦਿਲ ਦਾ ਦੌਰਾ ਪੈ ਗਿਆ। ਸਂਜੇ ਦੇ ਬਿਮਾਰ ਹੋਣ ਕਰਕੇ ਜਗਾ ਦਾ ਸੌਦਾ ਕਰਨ ਵਾਲਾ ਕੁਝ ਚਿਰ ਚੁਪ ਰਿਹਾ, ਪਰ ਜਿਉਂ ਹੀ ਸਂਜੇ ਮੰਜੇ ਤੋਂ ਉੱਠਿਆ, ਤਾਂ ਉਹ ਹਰ ਦਿਨ ਬਦਮਾਸ਼ਾਂ ਨੂ ਲਿਆ ਕੇ ਧਮਕਾਉਣ ਲਗਿਆ, ਵਰਸ਼ਾ ਕਦੇ ਬੱਚਿਆਂ ਦਾ ਵਾਸਤਾ ਦਿੰਦੀ, ਰੱਬ ਦਾ ਵਾਸਤਾ ਦਿੰਦੀ, ਕਿ ਜੋ ਪੈਸੇ ਸਾਡੇ ਤੋਂ ਲਏ ਨੇ, ਵਾਪਸ ਕਰ ਦਿਓ, ਅਸੀਂ ਜਗਾ ਖਾਲੀ ਕਰ ਦਿਆਂਗੇ, ਪਰ ਉਹ ਧਾਕੜ ਕਿਸੇ ਵੀ ਰਾਹ ਤੇ ਨਹੀਂ ਆਇਆ, ਸਂਜੇ ਤੇ ਵਰਸ਼ਾ ਨੇ ਕੁਝ ਹਮਦਰਦਾਂ ਨਾਲ ਕੋਰਟ ਦੀ ਸ਼ਰਨ ਜਾ ਲਈ, ਜਦ ਮਾਮਲਾ ਕੋਰਟ ਚ ਗਿਆ ਤਾਂ ਪਤਾ ਲਗਿਆ ਕਿ ਉਹ  ਤਾਂ ਵਕਫ ਬੋਰਡ ਦੀ ਜਗਾ ਹੈ, ਜੀਹਦੀ ਕੀਮਤ ਕਰੋਡ਼ਾਂ ਚ ਹੈ,  ਵਿਕ ਹੀ ਨਹੀਂ ਸਕਦੀ, ਇਸ ਤੋਂ ਬਾਅਦ ਧਾਕਡ਼ਾਂ ਦਾ ਕਹਿਰ ਹੋਰ ਵਧ ਗਿਆ, ਇਕ ਰਾਤ ਆ ਕੇ ਤਲਵਾਰਾਂ ਨਾਲ ਦਰਵਾਜ਼ੇ ਭੰਨਣ ਲੱਗੇ, ਨਜ਼ਦੀਕ ਹੀ ਛਾਉਣੀ ਏਰੀਆ ਹੈ, ਸਬੱਬੀਂ ਕੁਝ ਫੌਜੀ ਕਿਤੋਂ ਆਏ ਸਨ, ਉਹਨਾਂ ਨੇ ਬਦਮਾਸ਼ਾਂ ਨੂੰ ਭਜਾਇਆ ਤੇ ਸੰਜੇ ਹੁਰਾਂ ਨੂੰ ਕੁਝ ਹੌਸਲਾ ਦਿੱਤਾ।

ਕੁਝ ਦਿਨ ਸ਼ਾਂਤੀ ਰਹੀ, ਫੇਰ ਇਕ ਦਿਨ ਸੰਜੇ ਤੇ ਵਰਸ਼ਾ ਦੀ ਪੰਦਰਾਂ ਸਾਲ ਦੀ ਦਸਵੀਂ ਪਾਸ ਧੀ ਦਿਨ ਵੇਲੇ ਇਕੱਲੀ ਘਰ ਸੀ , ਬਦਮਾਸ਼ਾਂ ਨੇ ਆ ਕੇ ਉਸ ਕੁਡ਼ੀ ਨੂੰ ਕੀ ਕਿਹਾ, ਕੋਈ ਨਹੀਂ ਜਾਣਦਾ, ਕੁਡ਼ੀ ਨੇ ਫਾਹਾ ਲਾ ਕੇ ਜਾਨ ਦੇ ਦਿੱਤੀ। ਇਹ ਧੀ ਦਸਵੀਂ ਜਮਾਤ ਚ ਸਕੂਲ ਚੋਂ ਪਹਿਲੇ ਨਂਬਰ ਤੇ ਆਈ ਸੀ।

ਵਰਸ਼ਾ ਉਸ ਧੀ ਦੀ ਕੰਧ ਤੇ ਟੰਗੀ ਤਸਵੀਰ ਵੱਲ ਵੇਖ ਕੇ ਲਹੂ ਦੇ ਅੱਥਰੂ ਰੋਂਦੀ ਰੱਬ ਨੂੰ ਉਲਾਂਹਮੇ ਦਿੰਦੀ ਹੈ ਕਿ ਮੇਰੀ ਧੀ ਨਾਲ ਕੀ ਹੋਇਆ, ਮੈਨੂ ਕਦੇ ਤਾਂ ਪਤੇ ਲੱਗੇ।

ਹਾਲੇ ਤਾਂ ਮੁਸੀਬਤਾਂ ਦਾ ਕੜ ਪਾਟਣਾ ਬਾਕੀ ਸੀ, ਇਕ ਧੀ ਅੰਕਿਤਾ ਜੋ ਅੱਜ ਗਿਆਰਵੀਂ ਚ ਪੜਦੀ ਹੈ, 16 ਕੁ ਸਾਲ ਦੀ ਹੈ,  ਉਹਦੇ ਦਿਲ ਚ ਛੇਕ ਹੈ, ਇਲਾਜ ਸਿਰਫ ਅਪਰੇਸ਼ਨ ਹੈ, ਖਰਚੇ ਤੋਂ ਡਰਦੇ ਕਿਸੇ ਡਾਕਟਰ ਕੋਲ ਜਾਂਦੇ ਹੀ ਨਹੀਂ।

ਵੱਡੀ ਧੀ ਡਾਕਟਰੀ ਕਰਨੀ ਚਾਹੁੰਦੀ ਸੀ, ਪਰ ਪੈਸੇ ਨਹੀਂ, ਬੀ ਐਸ ਸੀ ਮੈਡੀਕਲ ਫਾਈਨਲ ਚ ਹੈ, ਫੀਸ ਨਹੀਂ ਹੁੰਦੀ ਤਾਂ ਕਿਸੇ ਮੂਹਰੇ ਝੋਲੀ ਅੱਡਦੇ ਨੇ, ਕਦੇ ਖੈਰ ਪੈ ਜਾਂਦੀ ਹੈ ਤੇ  ਕਦੇ ਜ਼ਲਾਲਤ, ਇਕ ਪੁੱਤ ਨੂੰ ਸੱਤਵੀਂ ਚੋਂ ਪੜਨੋ ਹਟਾ ਲਿਆ, ਤਾਂ ਜੋ ਬਿਮਾਰ ਪਿਓ ਨਾਲ ਕਾਰਾਂ ਧੋਣ ਦਾ ਕੰਮ ਕਰਵਾ ਸਕੇ, ਤੇ ਦੋ ਵੇਲੇ ਦੀ ਰੋਟੀ ਮਿਲ ਸਕੇ।

ਖੰਡਰਨੁਮਾ ਕਮਰਾ ਜੀਹਨੂ ਘਰ ਕਹਿ ਸਕਦੇ ਹਾਂ, ਇਹਦੇ ਇਕ ਖੂੰਜੇ ਚ ਕੰਧ ਕਰਕੇ ਬਾਥਰੂਮ ਟਾਇਲਟ ਬਣਾਇਆ ਹੈ, ਢਾਈ ਤਿੰਨ ਫੁਟ ਦੀ ਰਸੋਈ ਵੀ ਵਿਚੇ ਹੀ ਇਕਹਿਰੇ ਪਰਦੇ ਨਾਲ ਬਣਾਈ ਹੈ..

ਰਸੋਈ ਚ ਇਕ ਖੂੰਜੇ ਚ ਪਏ ਆਟੇ ਨਾਲ ਲਿਬੜੇ ਅੱਧਾ ਅੱਧਾ ਕਿਲੋ ਦੇ ਲਿਫਾਫੇ ਆਪੇ ਹੀ ਦਸਦੇ ਨੇ ਕਿ ਘਰ ਚ ਆਟਾ ਏਨਾ ਹੀ ਆਉਂਦਾ ਹੈ।

ਕਈ ਵਾਰ ਆਟਾ ਨਹੀਂ ਵੀ ਆਉਂਦਾ, ਕਿਉਂਕਿ ਪੈਸੇ ਨਹੀਂ ਹੁੰਦੇ।

 ਮੇਰੇ ਬੱਚੇ ਬੜੇ ਸਬਰ ਵਾਲੇ ਨੇ ਜੀ. ਬਹੁਤੀ ਵਾਰ ਬਿਨਾ ਕੁਝ ਖਾਧਿਆਂ ਹੀ ਪੜਨ ਚਲੇ ਜਾਂਦੇ ਨੇ- ਵਰਸ਼ਾ ਦੱਸਦੀ ਹੈ।

ਭੁੱਖ ਨਹੀਂ ਲਗਦੀ??

ਮੈਂ ਬੱਚਿਆਂ ਨੂੰ ਸਵਾਲ ਕੀਤਾ ਤਾਂ ਉਹਨਾਂ ਕੋਲ ਅੱਥਰੂਆਂ ਭਰੀਆਂ ਅੱਖਾਂ ਛੁਪਾਉਣ ਤੋਂ ਬਿਨਾ ਕੋਈ ਜੁਆਬ ਨਹੀਂ ਸੀ।

ਪਰ ਸੁਹਿਰਦ ਸਰੋਤਿਆਂ ਨੂੰ ਇਹਦਾ ਜੁਆਬ ਮੈਂ ਦੇ ਦਿੰਦੀ ਹਾਂ, ਛੋਟੇ ਬੱਚੇ ਦੀਆਂ ਕਾਪੀਆਂ ਦੇ ਕਈ ਵਰਕੇ ਫਟੇ ਹੋਏ ਮਿਲੇ,

ਕਾਗਜ਼ ਚੱਬਣ ਨਾਲ ਭੁੱਖ ਮਰ ਜਾਂਦੀ ਹੈ।

ਵਰਸ਼ਾ ਦੱਸਦੀ ਹੈ ਕਿ ਮਾਂ ਜਦ ਤੱਕ ਜਿਉਂਦੀ ਰਹੀ ਕੁਝ ਨਾ ਕੁਝ ਮਦਦ ਦਿੰਦੀ ਰਹੀ, ਆਖਰੀ ਵਾਰ ਵਰਸ਼ਾ ਨੂ ਮਾਂ ਰਾਹ ਚ ਮਿਲੀ ਸੀ, ਆਪਣੀ ਦਵਾਈ ਲੈ ਕੇ ਜਾ ਰਹੀ ਸੀ, ਬਾਕੀ ਬਚੇ ਚਾਲੀ ਰੁਪਏ ਧੀ ਦੀ ਮੁੱਠ ਚ ਦੇ ਕੇ ਸਿਰ ਪਲੋਸ ਕੇ ਚਲੀ ਗਈ, ਮਾਂ ਸਦਾ ਲਈ ਚਲੀ ਗਈ।

ਉਹ ਚਾਲੀ ਰੁਪਏ ਵਰਸ਼ਾ ਨੇ ਕਦੇ ਨਹੀਂ ਖਰਚੇ, ਦੱਸਦੀ ਹੈ ਕਿ ਕਈ ਵਾਰ ਘਰ ਆਟੇ ਦੀ ਚੂੰਢੀ ਨਹੀਂ ਹੁੰਦੀ ਤਾਂ ਉਹ ਚਾਲੀ ਰੁਪਏ ਚੇਤੇ ਆ ਜਾਂਦੇ ਨੇ, ਪਰ ਨਹੀਂ ਖਰਚਦੀ, ਮੈਨੂੰ ਇਉਂ ਮਹਿਸੂਸ ਹੁੰਦਾ ਜਿਵੇਂ ਉਹਨਾਂ ਚਾਲੀ ਰੁਪਈਆਂ ਚ ਸਿਮਟੀ ਮਾਂ ਸਾਰੀ ਦੀ ਸਾਰੀ ਮੇਰੇ ਨਾਲ ਹੀ ਰਹਿ ਰਹੀ ਹੈ।

ਛੋਟੇ ਬੱਚੇ ਦੇਵ ਨੂੰ ਮਿਠਾਈ ਬਹੁਤ ਪਸੰਦ ਹੈ, ਘਰ ਦੇ ਕੋਲ ਹੀ ਹਲਵਾਈ ਦੀ ਵੱਡੀ ਸਾਰੀ ਦੁਕਾਨ ਹੈ, ਬਣ ਰਹੀ ਮਿਠਾਈ ਦੀਆਂ ਮਹਿਕਾਂ ਕੰਧਾਂ ਕੋਠੇ ਟੱਪ ਅਣਭੋਲ ਬਚਪਨ ਨੂੰ ਛੇੜਨ ਆ ਜਾਂਦੀਆਂ ਨੇ।

 ਮਸੂਮ ਬੱਚੇ ਕੰਧ ਪਾਰੋਂ ਆ ਰਹੀ ਇਸ ਮਿੱਠੀ ਮਹਿਕ ਨੂੰ ਰੋਕਣ ਲਈ ਸ਼ਾਇਦ ਸਾਹ ਰੋਕ ਲੈਂਦੇ ਹੋਣਗੇ,ਪਰ ਮਾਂ ਹੈ, ਸਭ ਸਮਝ ਜਾਂਦੀ ਹੈ, ਦੇਵ ਦੀ ਉਂਗਲ ਫੜ ਕੋਲ ਹੀ ਸਥਿਤ ਮੰਦਰ ਲੈ ਜਾਂਦੀ ਹੈ, ਜਿਥੇ ਪਰਸਾਦ ਦੇ ਰੂਪ ਚ ਮਿਠਾਈ ਦਾ ਟੁਕੜਾ ਮਿਲਦਾ ਹੈ, ਬੱਚਾ ਦੂਜੀ ਵਾਰ ਵੀ ਹੱਥ ਅੱਗੇ ਕਰਦਾ ਹੈ ਤਾਂ ਪੁਜਾਰੀ ਇਕ ਹੋਰ ਟੁਕੜਾ ਨੰਨੇ ਹੱਥ ਤੇ ਧਰ ਦਿੰਦਾ ਹੈ, ਬੱਚਾ ਖੁਸ਼..  ਰੱਬ ਖੁਸ਼ ..

ਚਲੋ ਰੱਬ ਦੇ ਦਰ ਤੋਂ ਕਿਸੇ ਲਾਲਸਾ ਦੀ ਪੂਰਤੀ ਤਾਂ ਹੋ ਜਾਂਦੀ ਹੈ।

ਵਰਸ਼ਾ ਦੱਸਦੀ ਹੈ ਕਿ ਐਤਕੀਂ ਅਸੀਂ ਰੱਖਡ਼ੀ ਵਾਲੇ ਦਿਨ ਤੀਹ ਰੁਪਏ ਦੇ ਰਸਗੁੱਲੇ ਲਿਆਂਦੇ, ਛੇ ਪੀਸ ਆਗੇ ਸੀ, ਅਸੀਂ ਸਾਰਿਆਂ ਨੇ ਖਾਧੇ ..

ਮਹਿਸੂਸ ਹੋਇਆ ਜਿਵੇਂ ਸੰਜੇ, ਵਰਸ਼ਾ, ਤੇ ਚਹੁੰਆਂ ਬੱਚਿਆਂ ਨੇ ਤੀਹ ਰੁਪਿਆਂ ਦੇ ਰਸਗੁੱਲਿਆਂ ਦੀ ਮਿਠਾਸ ਨਾਲ ਜਿ਼ੰਦਗੀ ਦੀ ਸਾਰੀ ਕੁੜੱਤਣ ਸਮੇਟਣ ਦਾ ਯਤਨ ਕੀਤਾ ਹੋਵੇ..

ਤੇ ਮੈਂ ਉਹਨਾਂ ਦੇ ਦਰਦਾਂ ਨੂ ਸ਼ਬਦਾਂ ਚ ਸਮੇਟ ਕੇ ਤੁਹਾਡੇ ਦਰ ਕੇ ਆਈ ਹਾਂ.. ਇਕ ਸਵਾਲ ਨਾਲ, ਕਿ ਹਕੂਮਤਾਂ ਬਦਲਣ ਨਾਲ, ਕਿਸੇ ਸੰਜੇ ਦੇ , ਕਿਸੇ ਵਰਸ਼ਾ ਦੇ ਹਾਲਾਤ ਕਿਉਂ ਨਹੀਂ ਬਦਲਦੇ..ਜੇ ਨਹੀਂ ਬਦਲਦੇ ਤਾਂ ਸਰਕਾਰਾਂ ਬਦਲ ਕੇ ਕੀ ਕਰਨਾ ?

Comments

Rameshwari

ਬਹੁਤ ਦਰਦ ਭਰੀ ਜ਼ਿੰਦਗੀ ....ਮਨ ਦੁੱਖ ਨਾਲ ਭਰ ਗਿਆ ਸਾਨੂੰ ਅਜਿਹੇ ਲੋਕਾਂ ਦੀ ਮਦੱਦ ਕਰਨੀ ਚਾਹੀਦੀ ਹੈ ਪਾਕਿ ਵੱਡੇ-ਵੱਡੇ ਜੱਗ ਦਾ ਕੇ ਰੱਜਿਆ ਨੂੰ ਰਜਾਉਣਾ ਚਾਹੀਦਾ ਹੈ ਜੀ

VzaBJ

Drugs information sheet. What side effects can this medication cause? <a href="https://viagra4u.top">can i get cheap viagra pill</a> in US. Some news about medicament. Read information now. <a href=https://www.piccinnuarredamenti.it/privacy-policy/#comment-3016>Best what you want to know about pills.</a> <a href=http://prowlingwithkat.com/knocking-on-the-back-door-yes-this-is-about-anal-sex/#comment-5751688>Actual trends of medicines.</a> <a href=https://almohaimeed.net/m/ar/138>Best information about medicament.</a> b21d5cd

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ