Tue, 16 April 2024
Your Visitor Number :-   6975229
SuhisaverSuhisaver Suhisaver

ਪ੍ਰਾਣ ਦੀ ਮੌਤ ਕਾਰਨ ਜੱਦੀ ਪਿੰਡ ਭਰੋਵਾਲ ਸਮੇਤ ਸਮੁੱਚੇ ਇਲਾਕੇ ਦੇ ਲੋਕਾਂ ’ਚ ਸੋਗ ਦੀ ਲਹਿਰ

Posted on:- 13-07-2013

-ਸ਼ਿਵ ਕੁਮਾਰ ਬਾਵਾ

ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿਚ ਵੱਸਿਆ ਇਤਿਹਾਸਿਕ ਪਿੰਡ ਭਰੋਵਾਲ ਅੱਜ ਉਦਾਸ ਹੈ। ਇਸ ਪਿੰਡ ਦੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਹਿੰਦੀ ਫਿਲਮਾਂ ਦੇ ਉਘੇ ਅਦਾਕਾਰ ਪ੍ਰਾਣ ਉਰਫ ਕ੍ਰਿਸ਼ਨ ਸਿਕੰਦ ਬੀਤੀ ਰਾਤ ਇਸ ਫਾਨੀ ਸੰਸਾਰ ਨੂੰ ਸਦਾ ਲਈ ਛੱਡਕੇ ਚਲੇ ਗਏ। ਉਸਦੀ ਮੌਤ ਦੀ ਖਬਰ ਜਦ ਰਾਤ ਪਿੰਡ ਪੁੱਜੀ ਤਾਂ ਉਸਦੇ ਪਰਿਵਾਰਕ ਮੈਂਬਰ ਬਜ਼ੁਰਗ ਰਾਜਜੀਤ ਸਿੰਘ ਵਾਲੀਆ ਦੋਵੇਂ ਪੱਟਾਂ 'ਤੇ ਹੱਥ ਮਾਰਕੇ ਪਿੱਟ ਪਿੱਟ ਰੋਣ ਲੱਗ ਪਏ। ਉਸਨੇ ਪ੍ਰਾਣ ਦੀ ਮੌਤ ਦੀ ਖਬਰ ਰਾਤੋ ਰਾਤ ਪਿੰਡ ਦੇ ਘਰ ਘਰ ਪਹੁੰਚਾ ਦਿੱਤੀ ਤੇ ਅੱਜ ਸਵੇਰੇ ਵੱਡੇ ਪੱਧਰ ਤੇ ਅਖਬਾਰਾਂ ਅਤੇ ਟੀ ਵੀ ਚੈਨਲਾਂ ਤੇ ਉਸਦੀ ਮੌਤ ਦੀਆਂ ਖਬਰਾਂ ਸੁਣਕੇ ਸਮੁੱਚੇ ਪਿੰਡ ਵਾਸੀਆਂ ਨੂੰ ਬੜਾ ਦੁੱਖ ਲੱਗਾ ਜਦਕਿ ਕਿਸੇ ਵੀ ਅਖ਼ਬਾਰ ਜਾਂ ਟੀ ਵੀ ਚੈਨਲ ਵਾਲੇ ਨੇ ਇਸ ਮਹਾਨ ਕਲਾਕਾਰ ਨੂੰ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨਾਲ ਲੱਗਦੇ ਪਿੰਡ ਭਰੋਵਾਲ ਨਾਲ ਸਬੰਧ ਰੱਖਣ ਦਾ ਜ਼ਿਕਰ ਤੱਕ ਨਹੀਂ ਕੀਤਾ।ਰਾਜਜੀਤ ਸਿੰਘ ਵਾਲੀਆ ਹੀ ਇਕ ਅਜਿਹਾ ਪਰਿਵਾਰਕ ਮੈਂਬਰ ਹੈ ਜਿਸ ਨੇ ਪ੍ਰਾਣ ਨਾਲ ਆਪਣਾ ਬਚਪਨ ਗੁਜ਼ਾਰਿਆ। ਬਜ਼ੁਰਗ ਰਾਜਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਪਾਕਿਸਤਾਨ ਪੰਜਾਬ ਵਿਚ ਰਹੇ । ਦੇਸ਼ ਦੀ ਵੰਡ ਤੋਂ ਬਾਅਦ ਪਰਿਵਾਰ ਦੇ ਕੁੱਝ ਮੈਂਬਰ ਦਿੱਲੀ ਵਿਖੇ ਰਹਿਣ ਲੱਗ ਪਏ ਤੇ ਪ੍ਰਾਣ ਨਾਲ ਸਬੰਧਤ ਪਰਿਵਾਰ ਪਿੰਡ ਭਰੋਵਾਲ ਵਿਖੇ ਆ ਵਸਿਆ।

ਪਿੰਡ ਵਿਚ ਪ੍ਰਾਣ ਦੇ ਪਰਿਵਾਰ ਦੀ ਲੱਗਭਗ 70 ਕਿੱਲੇ ਜ਼ਮੀਨ ਸੀ ਪ੍ਰੰਤੂ ਜਦ ਕ੍ਰਿਸ਼ਨ ਸਿਕੰਦ ਦੀ ਹਿੰਦੀ ਫਿਲਮਾਂ ਵਿਚ ਤੂਤੀ ਬੋਲਣ ਲੱਗ ਪਈ ਤਾਂ ਇਕ ਇਕ ਕਰਕੇ ਪਰਿਵਾਰ ਦੇ ਸਾਰੇ ਮੈਂਬਰ ਦਿੱਲੀ ਅਤੇ ਮੁੰਬਈ ਪੱਕੇ ਤੌਰ ਤੇ ਰਹਿਣ ਲੱਗ ਪਏ। ਉਸਨੂੰ ਕ੍ਰਿਸ਼ਨ ਸਿਕੰਦ ਦੇ ਨਾਮ ਨਾਲ ਹੀ ਬਲਾਉਂਦੇ ਸਨ ਪ੍ਰੰਤੂ ਪ੍ਰਾਣ ਨਾਮ ਫਿਲਮਾਂ ਵਾਲਿਆਂ ਨੇ ਹੀ ਦਿੱਤਾ, ਜਿਸ ਨਾਲ ਉਹ ਆਪਣੀ ਅਦਾਕਾਰੀ ਨਾਲ ਆਪਣੀ ਵੱਖਰੀ ਪਹਿਚਾਣ ਬਣਾਉਣ ਵਿਚ ਕਾਮਯਾਬ ਹੋਏ।

ਉਸ ਨੇ ਦੱਸਿਆ ਕਿ ਪ੍ਰਾਣ ਦਾ ਜਨਮ ਫਰਵਰੀ, 1920 ਵਿਚ ਦਿੱਲੀ ਵਿਖੇ ਹੋਇਆ ਸੀ। ਉਸਦੇ ਪਿਤਾ ਕੇਵਲ ਕ੍ਰਿਸ਼ਨ ਵੀ ਵਧੀਆ ਸਮਾਜ ਸੇਵੀ ਸੁਭਾਅ ਵਾਲੇ ਵਿਆਕਤੀ ਸਨ। ਉਕਤ ਪਰਿਵਾਰ ਪਿੰਡ ਭਰੋਵਾਲ ਤੋਂ ਇਲਾਵਾ ਭਾਰਤ ਦੇ ਕਈ ਮੁੱਖ ਸ਼ਹਿਰਾਂ ਵਿਚ ਵੱਖਰੇ ਵੱਖਰੇ ਤੌਰ ਤੇ ਰਹਿੰਦਾ ਰਿਹਾ ਹੈ। ਸਾਰੇ ਕਾਰੋਬਾਰ ਨਾਲ ਜੁੜੇ ਹੋਣ ਕਰਕੇ ਵੱਖੋ ਵੱਖਰੇ ਰਹਿੰਦੇ ਸਨ।

ਅੱਜ ਜਦ ਪ੍ਰਾਣ ਦੀ ਮੌਤ ਦੀਆਂ ਖਬਰਾਂ ਪੜ੍ਹਕੇ ਮੀਡੀਆ ਕਰਮਚਾਰੀ ਆਪਣੇ ਲਾਮ ਲਸ਼ਕਰ ਸਮੇਤ ਪਿੰਡ ਭਰੋਵਾਲ ਪੁੱਜੇ ਤਾਂ ਪਿੰਡ ਵਿਚ ਗਮੀ ਦਾ ਮਾਹੌਲ ਸੀ ਪ੍ਰੰਤੂ ਨਵੀਆਂ ਪੰਚਾਇਤ ਚੋਣਾਂ ਹੋਣ ਕਰਕੇ ਪਿੰਡ ਦੇ ਸਮੂਹ ਲੋਕ ਅਤੇ ਚੁਣੇ ਹੋਏ ਪੰਚਾਇਤ ਮੈਂਬਰ ਅਤੇ ਸਰਪੰਚ ਸਮੇਤ ਇਲਾਕੇ ਦੇ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਨਮਾਨ ਪ੍ਰਾਪਤ ਕਰ ਰਹੇ ਸਨ।

ਵਿਧਾਇਕ ਸੁਰਿੰਦਰ ਸਿੰਘ ਨੇ ਵੀ ਪ੍ਰਾਣ ਦੀ ਮੌਤ ਹੋਣ ਕਾਰਨ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਹੁਤਾ ਕੁਝ ਨਹੀਂ ਬੋਲਿਆ, ਸਗੋਂ ਉਹਨਾਂ ਬਾਅਦਾ ਕੀਤਾ ਕਿ ਉਹ ਉਸ ਮਹਾਨ ਕਲਾਕਾਰ ਦੀ ਪਿੰਡ ਵਿਚ ਯਾਦਗਾਰ ਬਣਾਉਣ ਲਈ ਸਰਕਾਰੀ ਪੱਧਰ ਤੇ ਪਿੰਡ ਦੇ ਹੋਰ ਵਿਕਾਸ ਕੰਮਾਂ ਨੂੰ ਤਰਜੀਹ ਨਾਲ ਨੇਪਰੇ ਚਾੜਨਗੇ।


ਪ੍ਰਾਣ ਦੇ ਦੋਸਤ ਰਹੇ ਬਜ਼ੁਰਗ ਨੰਬਰਦਾਰ ਧਰਮ ਸਿੰਘ ਨੇ ਦੱਸਿਆ ਕਿ ਪ੍ਰਾਣ ਪਿੰਡ ਬਹੁਤ ਘੱਟ ਆਇਆ ਪ੍ਰੰਤੂ ਉਹ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਬੱਚਿਆਂ ਸਮੇਤ ਪਿੰਡ ਆਉਂਦੇ ਸਨ। ਜਦ ਉਹ ਫਿਲਮਾਂ ਵਿਚ ਨਾਮਵਰ ਅਦਾਕਾਰ ਬਣ ਗਏ ਤਾਂ ਦਿੱਲੀ ਰਹਿੰਦੇ ਉਸਦੇ ਚਾਚੇ ਕਮਲਜੀਤ ਸਿੰਘ ਵਾਲੀਆ ਅਤੇ ਉਸਦੇ ਲੜਕਿਆਂ ਨੇ ਪਿੰਡ ਆਕੇ ਆਪਣੀ ਜੱਦੀ ਜ਼ਮੀਨ ਵੇਚ ਦਿੱਤੀ। ਪ੍ਰਾਣ ਦੇ ਖਾਸ ਦੋਸਤ ਰਹੇ ਬਜ਼ੁਰਗ ਹਰੀ ਸਿੰਘ ਨੇ ਦੱਸਿਆ ਕਿ ਪ੍ਰਾਣ ਦਾ ਚਾਚਾ ਕਮਲਜੀਤ ਸਿੰਘ ਪਿੰਡ ਭਰੋਵਾਲ ਦਾ ਕਈ ਸਾਲ ਸਰਪੰਚ ਚੁਣਿਆਂ ਜਾਂਦਾ ਰਿਹਾ ।

ਉਸਨੇ ਦੱਸਿਆ ਕਿ ਉਹ 1974 ਵਿਚ ਭਜਨ ਸਿੰਘ, ਧਰਮ ਸਿੰਘ ਅਤੇ ਪਿੰਡ ਦੇ ਹੋਰ ਬੰਦਿਆਂ ਨਾਲ ਮੁੰਬਈ ਵਿਖੇ ਪ੍ਰਾਣ ਨੂੰ ਮਿਲਣ ਉਹਨਾਂ ਦੇ ਘਰ ਗਏ ਸਨ। ਪ੍ਰਾਣ ਵਲੋਂ ਉਹਨਾਂ ਦੀ ਖੂਬ ਸੇਵਾ ਕੀਤੀ ਅਤੇ ਪਿੰਡ ਦੇ ਵਿਕਾਸ ਲਈ ਆਪਣੇ ਭਤੀਜੇ ਕਮਲਜੀਤ ਸਿੰਘ ਵਾਲੀਆ ਦੀ ਡਿਊਟੀ ਲਾਈ। ਉਹਨਾਂ ਦੱਸਿਆ ਪ੍ਰਾਣ ਉਸ ਵਕਤ ‘ ਫਿਲਮ ਲਾਖੋਂ ਮੇਂ ਏਕ ’ ਦੀ ਸ਼ੂਟਿੰਗ ਵਿਚ ਰੁਝੇ ਹੋਏ ਸਨ। ਉਸਦੇ ਭਤੀਜੇ ਵਲੋਂ ਉਸ ਵਕਤ ਪਿੰਡ ਦੇ ਵਿਕਾਸ ਲਈ 2 ਲੱਖ ਰੁਪਿਆ ਦਿੱਤਾ ਅਤੇ 30 ਤੋਂ 40 ਲੱਖ ਰੁਪਿਆ ਪਿੰਡ ਨੂੰ ਹੋਰ ਦੇਣ ਦਾ ਬਾਅਦਾ ਕੀਤਾ ਸੀ।

ਪ੍ਰਾਣ ਦੇ ਪਰਿਵਾਰ ਵਲੋਂ ਪਿੰਡ ਦੀ ਸਰਪੰਚੀ ਕੀਤੀ ਹੋਣ ਕਾਰਨ ਉਹ ਪਿੰਡ ਨੂੰ ਹੋਰ ਵੀ ਸੁੰਦਰ ਬਣਾਉਂਣ ਦੇ ਚਾਹਵਾਨ ਸਨ ਪ੍ਰੰਤੂ ਫਿਲਮਾਂ ਵਿਚ ਮਸਰੂਫ ਰਹਿਣ ਕਾਰਨ ਉਹਨਾਂ ਨੂੰ ਪਿੰਡ ਆਉਣ ਦਾ ਸਮਾਂ ਹੀ ਨਹੀਂ ਮਿਲਿਆ।ਪਿੰਡ ਦੇ ਮੌਜੂਦਾ ਸਰਪੰਚ ਮਲਕੀਤ ਸਿੰਘ, ਪੰਚਾਇਤ ਮੈਂਬਰਾਂ ਹਰਭਜਨਸਿੰਘ, ਪ੍ਰਭੂਸ਼ਨ ਦੱਤ ਉਰਫ ਬਿੱਟੂ, ਪਰਮਜੀਤ ਕੌਰ, ਦਲਬੀਰ ਕੌਰ, ਨੰਬਰਦਾਰ ਧਰਮ ਸਿੰਘ, ਬਲਾਕ ਸੰਮਤੀ ਮੈਂਬਰ ਕਮਲਾ ਦੇਵੀ, ਕਿਸ਼ਨ ਦਾਸ, ਸਾਬਕਾ ਬਲਾਕ ਸੰਮਤੀ ਮੈਂਬਰ ਚਰਨ ਦਾਸ ਸਮੇਤ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਪ੍ਰਾਣ ਦੀ ਮੌਤ ਤੇ ਦੁੱਖ ਪ੍ਰਗਟਾਇਆ ਹੈ। ਉਹਨਾਂ ਦੱਸਿਆ ਕਿ ਪਿੰਡ ਤੋਂ ਮੋਹਤਵਰ ਵਿਅਕਤੀ ਪ੍ਰਾਣ ਦੀ ਰਸਮ ਪਗੜੀ ਦੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਜਾਣਗੇ। ਸਰਪੰਚ ਮਲਕੀਤ ਸਿੰਘ ਅਤੇ ਪੰਚਾਇਤ ਮੈਂਬਰ ਬਿੱਟੂ ਨੇ ਦੱਸਿਆ ਕਿ ਪ੍ਰਾਣ ਵਲੋਂ ਆਪਣੇ ਪਿੰਡ ਦਾ ਜ਼ਿਕਰ ਆਪਣੀ ਫਿਲਮ ‘ ਲਾਖੋਂ ਮੇਂ ਏਕ ’ ਵਿਚ ਖੁਦ ਵਿਸਥਾਰਪੂਰਵਕ ਕੀਤਾ ਹੈ। ਸਾਬਕਾ ਸਰਪੰਚ ਗੁਰਮੇਲ ਸਿੰਘ ਅਤੇ ਚਰਨਦਾਸ ਨੇ ਕਿਹਾ ਕਿ ਪ੍ਰਾਣ ਨੇ ਆਪਣੀ ਅਦਾਕਾਰੀ ਨਾਲ ਪਿੰਡ ਭਰੋਵਾਲ ਨੂੰ ਦੁਨੀਆਂ ਵਿਚ ਮਸ਼ਹੂਰ ਕੀਤਾ ਅਤੇ ਆਪਣੇ ਵਲੋਂ ਸਮੇਂ ਸਮੇਂ ਢੁਕਵਾਂ ਆਰਥਿਕ ਸਹਿਯੋਗ ਵੀ ਦਿੱਤਾ।

ਫਿਲਮ ਨਗਰੀ ਸਮੇਤ ਸਮੁੱਚੇ ਪਿੰਡ ਵਾਸੀਆਂ ਨੂੰ ਪ੍ਰਾਣ ਦੀ ਮੌਤ ਤੇ ਦੁੱਖ ਹੈ । ਇਹ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਉਹਨਾਂ ਦੱਸਿਆ ਕਿ ਮਹਾਨ ਐਵਾਰਡ ‘ ਦਾਦਾ ਸਾਹਿਬ ਫਾਲਕੇ ਐਵਾਰਡ’ ਭਾਰਤੀ ਸਿਨੇਮਾ ਜਗਤ ਦੇ 100 ਵਰ੍ਹੇ ਪੂਰੇ ਹੋਣ ਤੇ ਸਾਡੇ ਪਿੰਡ ਦੇ ਵਾਸੀ ਰਹੇ ਪ੍ਰਾਣ ਨੂੰ ਮਿਲਿਆ ਤਾਂ ਉਹਨਾਂ ਪ੍ਰਾਣ ਨੂੰ ਫੋਨ ਤੇ ਵਧਾਈ ਦਿੱਤੀ ਸੀ ਪ੍ਰੰਤੂ ਉਹਨਾਂ ਦੀ ਉਮਰ ਅਤੇ ਯਾਦ ਸ਼ਕਤੀ ਐਨੀ ਕਮਜ਼ੋਰ ਸੀ ਕਿ ਉਹ ਬੜੀ ਮੁਸ਼ਕਲ ਨਾਲ ਜਵਾਬ ਦੇ ਰਹੇ ਸਨ। ਉਹਨਾਂ ਵਲੋਂ ਪਿੰਡ ਦੇ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਪਿੰਡ ਦੀ ਬੇਹਤਰੀ ਲਈ ਡੱਟਕੇ ਕੰਮ ਕਰਨ ਲਈ ਪ੍ਰਰਿਆ। ਸਰਪੰਚ ਮਲਕੀਤ ਸਿੰਘ ਨੇ ਦੱਸਿਆ ਕਿ ਪ੍ਰਾਣ ਨਾਲ ਉਸਦੀ ਅਤੇ ਉਸਦੀ ਬਲਾਕ ਸੰਮਤੀ ਬਣੀ ਪਤਨੀ ਕਮਲਾ ਦੇਵੀ ਨਾਲ ਗਲਬਾਤ ਬਹੁਤ ਹੀ ਸੀਮਤ ਸ਼ਬਦਾਂ ਵਿਚ ਕੀਤੀ ਸੀ।

ਪੰਡਿਤ ਸੁਰਿੰਦਰ ਮੋਹਨ ਜੋ ਪ੍ਰਾਣ ਦੇ ਗੁਆਂਢੀ ਹਨ ਨੇ ਦੱਸਿਆ ਕਿ ਉਹ ਪ੍ਰਾਣ ਨੂੰ ਬਚਪਨ ਤੋਂ ਹੀ ਪਸੰਦ ਕਰਦਾ ਹੈ। ਬੇਸ਼ੱਕ ਉਸਦਾ ਕਦੇ ਮੇਲ ਨਹੀਂ ਹੋਇਆ ਪ੍ਰੰਤੂ ਉਸਨੇ ਪ੍ਰਾਣ ਸਾਹਿਬ ਦੀਆਂ ਸਾਰੀਆਂ ਫਿਲਮਾਂ ਦੇਖੀਆਂ ਹਨ। ਉਹਨਾਂ ਦੱਸਿਆ ਕਿ ਇਹ ਸਬੱਬ ਹੀ ਸੀ ਕਿ ਫਗਵਾੜੇ ਤੋਂ ਰੇਲ ਗੱਡੀ ਵਿਚ ਬੈਠਕੇ ਇਕ ਨਿਵੇਕਲੇ ਅੰਦਾਜ਼ ਵਿਚ ਸਿਗਰਟ ਪੀਂਦੇ ਨੂੰ ਦੇਖਕੇ ਕੀਲੇ ਗਏ ਨਾਲ ਬੈਠੇ ਅਣਜਾਣ ਫਿਲਮੀ ਡਾਇਰੈਕਟਰ ਨੇ ਪ੍ਰਾਣ ਨੂੰ ਆਪਣੇ ਨਾਲ ਹੀ ਲਿਜਾਉਣ ਦੀ ਜ਼ਿੱਦ ਫੜ ਲਈ ਤੇ ਉਸਨੂੰ ਮਹਾਂ ਨਗਰੀ ਦਾ ਮਹਾਨ ਨਾਇਕ ਬਣਾਕੇ ਰੱਖ ਦਿੱਤਾ। ਸਿਗਰਟ ਮਾੜੀ ਚੀਜ ਹੈ ਸ਼ਾਇਦ ਹੁਣ ਪ੍ਰਾਣ ਪੀਦੇ ਵੀ ਨਹੀਂ ਸਨ ਪ੍ਰੰਤੂ ਉਹਨਾਂ ਦਾ ਸੂਟਾ ਮਾਰਨ ਅੰਦਾਜ਼ ਖਤਰਨਾਕ ਖਲਨਾਇਕ ਲੱਗਦਾ ਸੀ। ਉਸਦੇ ਫਿਲਮੀ ਕਿਰਦਾਰਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

Comments

Hakam Malhi

Sive veer ji puran bhrowal to c

j.singh.1@kpnmail.nl

ਪ੍ਰਾਨ ਬਨਾਮ ਜੰਜੀਰ ਦਾ ਸ਼ੇਰ ਖਾਨ ਜਿਸ ਦੇ ਮੁੱਛ ਦੇ ਵਾਲ ਦੀ ਵੀ ਕੀਮਤ ਸੀ. ਸੁਪਰ ਸਟਾਰ ਪ੍ਰਾਨ ਅਲਵਿਦਾ.

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ