Mon, 15 July 2024
Your Visitor Number :-   7187201
SuhisaverSuhisaver Suhisaver

ਸੁਫ਼ਨਿਆਂ ਦੇ ਨਕਸ਼ ਘੜ੍ਹਨ ਵਾਲਾ ਰਣਜੀਤ ਸਿੰਘ


ਕਿਸੇ ਚਿੱਤਰਕਾਰ ਨੇ ਕਲਾ ਦੇ ਮਹੱਤਵ ਨੂੰ ਬੜੀ ਹੀ ਖ਼ੂਬਸੂਰਤੀ ਨਾਲ ਚਿੱਤਰਦਿਆਂ ਕਿਹਾ ਸੀ “ਮਨੁੱਖ ਨੂੰ ਜਦੋਂ ਵੀ ਸਕੂਨ ਦੀ ਲੋੜ ਹੁੰਦੀ ਹੈ, ਸੁਹਜ ਦੀ ਲੋੜ ਹੁੰਦੀ ਹੈ ਜਾਂ ਫਿਰ ਕੁਝ ਆਰਾਮ ਦੇ ਪਲਾਂ ਦੀ ਲੋੜ ਹੁੰਦੀ ਹੈ ਤਾਂ ਮਨੁੱਖ ਕਲਾ ਦਾ ਸਹਾਰਾ ਲੈਂਦਾ ਹੈ।” ਪਰ ਜ਼ਿਲ੍ਹਾ ਪਟਿਆਲਾ ਦੇ ਪਿੰਡ ਝਿੱਲ੍ਹ ਦੀ ਫਿਰਨੀ ’ਤੇ ਰਣਜੀਤ ਸਿੰਘ ਦੇ ਨੰਨ੍ਹੇ-ਨੰਨ੍ਹੇ ਹੱਥਾਂ ’ਚ ਫੜੀ ਰੰਗਾਂ ਨਾਲ ਲਬਰੇਜ਼ ਕਲਮ ਅਤੇ ਭਾਂਤ-ਭਾਂਤ ਦੇ ਰੰਗਾਂ ’ਚ ਚਿੱਤਰੇ ਦਿਲਕਸ਼ ਅੱਖਰਾਂ ਦੀਆਂ ਤਖ਼ਤੀਆਂ ਨਾਲ ਭਰੀ ਉਸ ਦੀ ਦੁਕਾਨ ਨੂੰ ਤੱਕ ਕੇ ਇਉਂ ਪ੍ਰਤੀਤ ਹੁੰਦਾ, ਜਿਵੇਂ ਉਸ ਦੀ ਕਲਾ ਕਿਸੇ ਸਕੂਨ, ਸੁਹਜ ਜਾਂ ਫਿਰ ਆਰਾਮ ਦੇ ਪਲਾਂ ਦੀ ਲੋੜ ਦੀ ਬਜਾਏ ਸਿਰਫ਼ ‘ਲੋੜ’ ਦੇ ਪਲਾਂ ’ਚੋਂ ਹੀ ਉਪਜੀ ਹੋਵੇ।ਲੋੜ ਦੇ ਪਲਾਂ ’ਚੋਂ ਉਪਜਿਆ ਨੰਨ੍ਹੇ ਹੱਥਾਂ ਦਾ ਇਹ ਹੁਨਰ ਇੱਕ ਦਿਨ ਉਸ ਦੇ ਰੰਗਾਂ ਨੂੰ ਸੱਤ ਸਮੁੰਦਰੋਂ ਪਾਰ ਵੀ ਲੈ ਜਾਵੇਗਾ ਇਹ ਖ਼ਿਆਲ ਸ਼ਾਇਦ ਰਣਜੀਤ ਸਿੰਘ ਦੇ ਮਨ ’ਚ ਕਦੀਂ ਨਹੀਂ ਆਇਆ ਹੋਣਾ।

ਬੜੀ ਅਜੀਬ ਓ ਗਰੀਬ ਫ਼ਿਤਰਤ ਨੂੰ ਲੈਕੇ ਜਨਮਦੇ ਹਨ ਕੁਝ ਅੱਖੋਂ ਸੱਖਣੇ ਖ਼ੁਆਬ, ਜੋ ਦਿਲਾਂ ਅੰਦਰ ਆਪਣਾ ਘਰ ਤਾਂ ਬਣਾ ਲੈਂਦੇ ਹਨ ਪਰ ਬਾਹਰ ਨਿਕਲਣ ਲਈ ਉਸ ਘਰ ਦੀਆਂ ਤਾਕੀਆਂ ਬਣਾਉਣੀਆਂ ਭੁੱਲ ਜਾਂਦੇ ਹਨ।ਕੁਝ ਅਜਿਹੀ ਫ਼ਿਤਰਤ ਵਾਲਾ ਖ਼ੁਆਬ ਨਿਮਾਣੀ ਉਮਰੇ ਰਣਜੀਤ ਸਿੰਘ ਦੇ ਦਿਲ ਅੰਦਰ ਘਰ ਕਰ ਬੈਠਾ।ਉਹ ਸੀ ਇਕ ਅਧਿਆਪਕ ਬਣਨ ਦਾ ਖ਼ੁਆਬ।ਘਰ ਦੀ ਆਰਥਿਕ ਮੰਦਹਾਲੀ ਦਾ ਚੇਤਾ ਉਸਦੇ ਨਿਮਾਣੇ ਦਿਲ ਵਾਲੇ ਇਸ ‘ਵੱਡੇ’ ਖ਼ੁਆਬ ਨੂੰ ਕਈ ਵਾਰ ਮਾਯੂਸ ਕਰ ਜਾਂਦਾ।ਆਖ਼ਿਰ ਆਪਣੇ ਮਨ ਦੇ ਕੈਨਵਸ ’ਤੇ ਚਿੱਤਰੇ ਇਸ ਮਾਯੂਸ ਹੁੰਦੇ ਖ਼ੁਆਬ ਨੂੰ ਹਾਸਿਆਂ ਦੀ ਰੰਗਤ ਦੇਣ ਲਈ ਨੌਵੀਂ ਜਮਾਤ ’ਚ ਪੜ੍ਹਦੇ ਰਣਜੀਤ ਸਿੰਘ ਦੇ ਨੰਨ੍ਹੇ ਹੱਥਾਂ ਨੇ ਰੰਗਾਂ ਦੀ ਦੋਸਤੀ ਦਾ ਸਹਾਰਾ ਲਿਆ ਤੇ ਪਿੰਡ ਦੀ ਫਿਰਨੀ ਉੱਪਰ ਲੋਹੇ- ਲੱਕੜ ਦੀਆਂ ਤਖ਼ਤੀਆਂ ’ਤੇ ਅੱਖਰ ਚਿੱਤਰਨ (ਕੇਲੀਗ੍ਰਾਫੀ) ਦੀ ਦੁਕਾਨ ਪਾ ਲਈ। ਦੁਕਾਨ ’ਤੇ ਕੀਤੀ ਸੋਹਲ ਹੱਥਾਂ ਦੀ ਸੁਲੇਖ ਕਲਾ ਤੋਂ ਹੋਣ ਵਾਲੀ ਆਮਦਨ ਅਤੇ ਸੁਫ਼ਨਿਆਂ ਨੂੰ ਹਕੀਕਤ ਦਾ ਜਾਮਾ ਪਹਿਨਾਉਣ ਦਾ ਖ਼ਿਆਲ ਇਸ ਫ਼ਨਕਾਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਹੜੇ ਲੈ ਆਇਆ।ਯੂਨੀਵਰਸਿਟੀ ਦੇ ਵਿਹੜੇ ਐਮ.ਏ. ਫਾਈਨ ਆਰਟਸ ਦੀ ਕਰਦਿਆਂ ਲੈਕਚਰਾਰ ਡਾ. ਗੁਰਦੀਪ ਸਿੰਘ ਗਰਚਾ ਤੇ ਡਾ. ਸੁਨੀਤਾ ਧੀਰ ਜਿਹੀਆਂ ਹੁਨਰ ਪਾਰਖੂ ਸ਼ਖ਼ਸੀਅਤਾਂ ਨੇ ਇਸ ਹੀਰੇ ਨੂੰ ਰੱਜ ਕੇ ਤਰਾਸ਼ਿਆ।ਸ਼ਨਿਚਰਵਾਰ ਅਤੇ ਐਤਵਾਰ ਦੀ ਛੁੱਟੀ ਵਾਲੇ ਰੋਜ਼ ਜਦ ਯੂਨੀਵਰਸਿਟੀ ਦਾ ਮਾਹੌਲ ਆਰਾਮ ਦੇ ਪਲਾਂ ਨੂੰ ਮਾਣ ਰਿਹਾ ਹੁੰਦਾ, ਉਸ ਵੇਲੇ ਕਲਾ ਭਵਨ ਦੇ ਪਿੱਛੇ ਅਕਸਰ ਹੀ ਰਣਜੀਤ ਸਿੰਘ ਦੇ ਹੱਥ ਲੋਹੇ ਦੇ ਸੰਦਾਂ ਨਾਲ ਬੁੱਤ ਤਰਾਸ਼ਨ ’ਚ ਮਸਰੂਫ ਹੁੰਦੇ ।

ਪਿੰਡ ਤੋਂ ਪਟਿਆਲੇ ਤਕ ਸਾਈਕਲ ਦੇ ਪਿੱਛੇ ਆਪਣੇ ਸੁਫ਼ਨਿਆਂ ਦੇ ਰੰਗਾਂ ਨਾਲ ਭਰੇ ਹੋਏ ਝੋਲੇ ਨੂੰ ਇਹ ਰੰਗਾਂ ਦਾ ਸ਼ੈਦਾਈ ਪੂਰੇ ਦੋ ਵਰ੍ਹੇ ਬੜੀ ਸ਼ਿੱਦਤ ਨਾਲ ਟੋਂਹਦਾ ਰਿਹਾ।ਇਸ ਰੰਗਾਂ ਦੇ ਹਸੀਨ ਸਫ਼ਰ ਦੌਰਾਨ ਜੋ ਉਸਨੇ ਮਾਣ-ਸਨਮਾਨ ਹਾਸਿਲ ਕੀਤੇ ਉਨ੍ਹਾਂ ਦੀ ਕਤਾਰ ਤਾਂ ਇਸ ਮੁਸਾਫ਼ਰ ਦੇ ਸਫ਼ਰ ਤੋਂ ਕਿਧਰੇ ਜ਼ਿਆਦਾ ਲੰਮੇਰੀ ਹੈ।ਇਸ ਮਾਣ ਸਨਮਾਨ ਦੀ ਲੰਮੀ ਕਤਾਰ `ਚੋਂ ਜਨਵਰੀ,2007 `ਚ ਮਦਰਾਸ ਯੂਨੀਵਰਸਿਟੀ, ਚੇੱਨਈ ਵਿਖੇ ਹੋਏ ਯੁਵਕ-ਮੇਲੇ ਦੌਰਾਨ ਰਣਜੀਤ ਸਿੰਘ ਨੇ ਚਿੱਤਰਕਾਰੀ ਮੁਕਾਬਲੇ ’ਚ ਗੋਲਡ ਮੈਡਲ ਹਾਸਿਲ ਕਰਕੇ ਆਪਣੀ ਯੂਨੀਵਰਸਿਟੀ ਦਾ ਸਿਰ ਫਖ਼ਰ ਨਾਲ ਉੱਚਾ ਕੀਤਾ ਜਿਸ ਸਦਕਾ ਉਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ‘ਯੂਨੀਵਰਸਿਟੀ ਕਲਰ’ ਦੇ ਮਾਣ ਨਾਲ ਵਿਸ਼ੇਸ਼ ਤੌਰ ’ਤੇ ਨਵਾਜ਼ਿਆ ਗਿਆ।ਸਾਲ 2006-07 ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਹੋਏ ਯੁਵਕ-ਮੇਲਿਆਂ ਦੇ ਬੁੱਤਕਾਰੀ ਮੁਕਾਬਲਿਆਂ ’ਚ ਉਸਦਾ ਹੁਨਰ ਹਮੇਸ਼ਾਂ ਹੀ ਪਹਿਲੀ ਕਤਾਰ ਦੇ ਸਨਮਾਨ ਦੀ ਛੋਹ ਨੂੰ ਜਿੱਤਦਾ ਰਿਹਾ ।ਪੰਜਾਬ ਦੀ ਮਿੱਟੀ ਨਾਲ ਜੁੜੇ ਰਣਜੀਤ ਸਿੰਘ ਦੇ ਚਿੱਤਰੇ ਕਈ ਧਾਰਮਿਕ ਤੇ ਸਭਿਆਚਾਰਕ ਰੰਗ ਅੱਜ ਵਿਦੇਸ਼ਾਂ ’ਚ ਵੱਸੇ ਪੰਜਾਬੀਆਂ ਦੇ ਘਰਾਂ ਦੀਆਂ ਕੰਧਾਂ ਦਾ ਸ਼ਿੰਗਾਰ ਬਣੇ ਹੋਏ ਹਨ।ਉਸਦੇ ਚਿੱਤਰੇ ਰੰਗਾਂ ’ਚ ਅਜਿਹਾ ਜਿਊਂਦਾ ਨੂਰ ਝਲਕਦਾ ਹੈ ਜੋ ਦੇਖਣ ਵਾਲੀਆਂ ਅੱਖਾਂ ਨੂੰ ਚਿਰਾਂ ਤੀਕ ਚੇਤੇ ਰਹਿਣ ਵਾਲੀ ਸੌਗਾਤ ਦੇ ਜਾਂਦਾ ਹੈ।

ਸੁਫ਼ਨਿਆਂ ਨੂੰ ਚਿੱਤਰਨ ਵਾਲੇ ਇਨ੍ਹਾਂ ਨੰਨ੍ਹੇ ਹੱਥਾਂ ਦਾ ਸਫ਼ਰ, ਰੰਗਾਂ ਦੀ ਬੜੀ ਹੀ ਸ਼ਿੱਦਤ ਨਾਲ ਇਬਾਦਤ ਕਰਦਾ ਤੇ ਬੇਆਵਾਜ਼ਾਂ ਨੂੰ ਆਵਾਜ਼ ਦਿੰਦਾ ਆਪਣੇ ਮੁਕਾਮ ਦੀਆਂ ਸਿਖ਼ਰਾਂ ਤੋਂ ਵੀ ਅੱਗੇ ਅਰੁੱਕ ਵਧਦਾ ਜਾ ਰਿਹਾ ਹੈ। ਅਦਾਰਾ ‘ਸੂਹੀ ਸਵੇਰ’  ਇਸ ‘ਰੰਗਾਂ ਦੇ ਫ਼ਨਕਾਰ’ ਦੇ  ਰੌਸ਼ਨ ਭਵਿੱਖ ਦੀ ਕਾਮਨਾ ਕਰਦਾ ਹੈ।

-ਅਦਾਰਾ ‘ਸੂਹੀ ਸਵੇਰ’

ਆਓ ਰਣਜੀਤ ਸਿੰਘ ਦੇ ਕੁਝ ਰੰਗਾਂ ਦਾ ਲੁਤਫ਼ ਮਾਣੀਏ . . .


Comments

Name (required)

Leave a comment... (required)

Security Code (required)Can't read the image? click
here to refresh.ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ