Sat, 15 June 2024
Your Visitor Number :-   7111400
SuhisaverSuhisaver Suhisaver

ਹੇਮ ਮਿਸ਼ਰਾ: ਜਨਤਕ ਲਹਿਰਾਂ ਦੇ ਬਿਨ੍ਹਾਂ ਕੋਈ ਵੱਡਾ ਪਰਿਵਰਤਨ ਸੰਭਵ ਨਹੀਂ

Posted on:- 31-12-2015

suhisaver

ਮੁਲਾਕਾਤੀ: ਨਿਖਿਲ ਕੁਮਾਰ ਵਰਮਾ
ਅਨੁਵਾਦਕ: ਕਮਲਦੀਪ ਸਿੰਘ ‘ਭੂੱਚੋ’


ਅਗਸਤ, 2013 ਵਿੱਚ ਮਹਾਂਰਾਸ਼ਟਰ ਦੇ ਗੜਚਿਰੌਲੀ ਜ਼ਿਲ੍ਹੇ ਵਿੱਚ ਪੁਲਿਸ ਨੇ ਦਿੱਲੀ ਦੀ ਪ੍ਰਸਿੱਧ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ (ਜੇ.ਐਨ.ਯੂ.) ਹੇਮ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਸੀ।ਮਹਾਂਰਾਸ਼ਟਰ ਪੁਲਿਸ ਦੇ ਅਨੁਸਾਰ JNU ਦੇ ਸਕੂਲ ਆਫ ਲੈਂਗਵੇਜ਼ਿਜ ਵਿੱਚ ਚੀਨੀ ਭਾਸ਼ਾ ਦੇ ਵਿਦਿਆਰਥੀ ‘ਹੇਮ’ ਨੂੰ ਮਾਓਵਾਦੀਆਂ ਦੀ ਮਦਦ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਇਲਾਵਾ ਦੋ ਹੋਰ ਲੋਕਾਂ ਨੂੰ ਗੜਚਿਰੌਲੀ ਦੇ ਅਹੇਰੀ ਬੱਸ ਸਟਾਪ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਹੇਮ ਪੁਲਿਸ ਦੇ ਦਾਵੇ ਨੂੰ ਨਕਾਰਦੇ ਹਨ। ਉਹ ਆਪਣੇ ਆਪ ਨੂੰ ਸੱਭਿਆਚਾਰਕ-ਕਰਮੀ ਅਤੇ ਰਾਜਨੀਤਿਕ ਬੰਦੀ ਦੱਸਦੇ ਹਨ। ਹੇਮ ਮਿਸ਼ਰਾ, ਪ੍ਰਸ਼ਾਂਤ ਰਾਹੀਂ ਅਤੇ ਦਿੱਲੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਜੀ.ਐਨ. ਸਾਈਬਾਬਾ ਨੂੰ ਇੱਕ ਹੀ ਕੇਸ ਵਿੱਚ ਮੁਲਜ਼ਿਮ ਬਣਾਇਆ ਗਿਆ ਹੈ। ਗੈਰਕਾਨੂੰਨੀ ਗਤੀਵਿਧੀ ਰੋਕੂ ਕਨੂੰਨ ਦੇ ਤਹਿਤ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਕੁੱਲ ਛੇ ਲੋਕ ਮੁਲਜ਼ਿਮ ਹਨ।

ਪੁਲਿਸ ਦਾ ਕਹਿਣਾ ਹੈ ਕਿ ਸੰਨ 2013 ਵਿੱਚ ਖੁਫਿਆ ਜਾਣਕਾਰੀ ਦੇ ਬਾਅਦ ਹੇਮ ਮਿਸ਼ਰਾ ਅਤੇ ਪ੍ਰਸ਼ਾਂਤ ਰਾਹੀਂ ਨੂੰ ਗੜਚਿਰੌਲੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।ਉਨ੍ਹਾਂ ਤੋਂ ਪੁਲਿਸ ਨੇ ਕੁਝ ਦਸਤਾਵੇਜ਼ ਅਤੇ ਮਾਇਕਰੋਚਿੱਪ ਬਰਾਮਦ ਕੀਤੇ ਸਨ। ਪੁਲਿਸ ਦਾ ਦਾਅਵਾ ਹੈ ਕਿ ਇਹ ਦੋਵੇਂ ਅਬੂਝਮਾੜ ਵਿੱਚ ਉੱਤਮ ਮਾਓਵਾਦੀ ਨੇਤਾਵਾਂ ਨੂੰ ਮਿਲਣ ਜਾ ਰਹੇ ਸਨ ਅਤੇ ਇਹ ਭੇਂਟ ਸਾਈਂਬਾਬਾ ਦੀ ਮਦਦ ਨਾਲ ਤੈਅ ਹੋਈ ਸੀ।ਹੇਮ ਇਸ ਪੁਲਸੀਆ ਕਹਾਣੀ ਨੂੰ ਬਿਨ੍ਹਾਂ ਸਿਰ-ਪੈਰ ਦਾ ਦੱਸਦੇ ਹਨ।

ਗ੍ਰਿਫ਼ਤਾਰ ਦੌਰਾਨ ਹੇਮ ਮਿਸ਼ਰਾ ਦੋ ਸਾਲ 19 ਦਿਨ ਜੇਲ੍ਹ ਵਿੱਚ ਰਹੇ। ਹਾਲ ਹੀ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੈ।ਫਿਲਹਾਲ ਉਨ੍ਹਾਂ ਦੀ ਜ਼ਿੰਦਗੀ ਅਲਮੋੜਾ, ਦਿੱਲੀ ਅਤੇ ਗੜਚਿਰੌਲੀਦੇ ਵਿੱਚ ਕਾਨੂੰਨੀ ਚੱਕਰਾਂ ਵਿੱਚ ਗੁਜ਼ਰ ਰਹੀ ਹੈ।ਕੈਚ ਹਿੰਦੀ ਸੰਵਾਦਦਾਤਾਨਿਖਿਲ ਕੁਮਾਰ ਵਰਮਾ ਨੇ ਹੇਮ ਮਿਸ਼ਰਾ ਨਾਲ ਵਿਸਥਾਰ ‘ਚ ਗੱਲਬਾਤ ਕੀਤੀ। ਪੇਸ਼ ਨੇ ਇਸ ਗੱਲਬਾਤ ਦੇ ਪ੍ਰਮੁੱਖ ਅੰਸ਼:

ਨਿਖਿਲ: ਤੁਹਾਡੀ ਗ੍ਰਿਫਤਾਰੀ ਕਿਹੜੀਆਂ ਪ੍ਰਸਥਿਤੀਆਂ ਵਿੱਚ ਅਤੇ ਕਿਨ੍ਹਾਂ ਕਾਰਨਾਂ ਕਰਕੇ ਹੋਈ ਸੀ?
ਹੇਮ : 19 ਅਗਸਤ, 2013 ਨੂੰ ਮੈਂ ਮਹਾਂਰਾਸ਼ਟਰ ਦੇ ਸਾਮਾਜਿਕ ਕਾਰਜਕਰਤਾ ਪ੍ਰਕਾਸ਼ ਆਮਟੇ ਨੂੰ ਮਿਲਣ ਲਈ ਦਿੱਲੀ ’ਚੋਂ ਨਿਕਲਿਆ। 20 ਅਗਸਤ, 2013 ਨੂੰ ਸਵੇਰੇ 9:30 ਵਜੇ ਮੈਂ ਬਲਾਰਸ਼ਾਹ ਰੇਲਵੇ ਸਟੇਸ਼ਨ ’ਤੇ ਉੱਤਰਿਆ। ਉੱਥੇ ਮੈਂ ਭਾਮਰਾਗੜ੍ਹ ਦੇ ਲਈ ਬੱਸ ਲੈਣੀ ਸੀ। ਉੱਥੇ ਅਚਾਨਕ ਕੁਝ ਲੋਕ ਆਏ ਅਤੇ ਮੈਨੂੰ ਜਕੜ ਲਿਆ। ਮੈਂ ਕੁਝ ਸਮਝ ਪਾਉਂਦਾ, ਉਸ ਤੋਂ ਪਹਿਲਾਂ ਹੀ 10 - 12 ਲੋਕ ਮੇਰੇ ’ਤੇ ਟੁੱਟ ਪਏ। ਮੇਰੇ ਖਿਆਲ ’ਚ ਉਹ ਲੋਕ ਮੈਨੂੰ ਫੜਨ ਦੀ ਪੂਰੀ ਤਿਆਰੀ ਕਰਕੇ ਉੱਥੇ ਆਏ ਸੀ। ਸਾਰੇ ਲੋਕ ਸਾਦੇ ਕੱਪੜਿਆਂ ਵਿੱਚ ਸਨ। ਮੈਨੂੰ ਲੱਗਿਆ ਕਿ ਸ਼ਾਇਦ ਉਹ ਮੈਨੂੰ ਅਗਵਾਹ ਕਰਨ ਜਾ ਰਹੇ ਨੇ। ਇੱਕ ਘੰਟੇ ਬਾਅਦ ਇੱਕ ਪੁਲਿਸ ਵਾਲੇ ਨੇ ਆਪਣਾ ਆਈ-ਕਾਰਡ ਵਿਖਾਇਆ, ਉਦੋਂ ਮੈਨੂੰ ਪਤਾ ਲੱਗਿਆ ਕਿ ਇਹ ਲੋਕ ਗੜਚਿਰੌਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਲੋਕ ਸਨ। ਉਹ ਮੈਨੂੰ ਗੜਚਿਰੌਲੀ ਪੁਲਿਸ ਦਫ਼ਤਰ ਲੈ ਗਏ। ਰਾਸਤੇ ਭਰ ਉਨ੍ਹਾਂ ਨੇ ਮੈਨੂੰ ਲੱਤਾਂ-ਮੁੱਕਿਆਂ ਨਾਲ ਕੁੱਟਿਆ। ਉਹ ਮੈਨੂੰ ਇੱਕ ਗੱਲ ਮੰਨਣ ਤੇ ਜ਼ੋਰ ਪਾ ਰਹੇ ਸਨ ਕਿ-ਮੇਰਾ ਨਾਮ ਸ਼ੰਕਰ ਹੈ ਅਤੇ ਮੈਂ ਨਕਸਲ ਕਮਾਂਡਰ ਨਰਮਦਾ ਨਾਲ ਮਿਲਣ ਜਾ ਰਿਹਾ ਸੀ।

ਨਿਖਿਲ : ਜੇਲ੍ਹ ਵਿੱਚ ਤੁਹਾਡੇ ਨਾਲ ਕੀ ਹੋਇਆ ?  ਇਸ ਦੌਰਾਨ ਤੁਹਾਡੇ ਪਰਿਵਾਰ ‘ਤੇ ਕੀ ਗੁਜ਼ਰੀ ?
ਹੇਮ : ਜੇਲ੍ਹ ਜਾਣ ਦੇ ਬਾਵਜੂਦ ਮੇਰਾ ਪੂਰਾ ਪਰਿਵਾਰ ਮੇਰੇ ਨਾਲ ਖੜਾ ਰਿਹਾ। ਮੈਂ ਆਪਣੇ ਚਾਰ ਭਾਈ-ਭੈਣਾਂ ਵਿੱਚੋਂ ਸਭ ਤੋਂ ਛੋਟਾ ਹਾਂ। ਇਸ ਕਰਕੇ ਮੇਰੇ ਘਰ ਵਾਲੇ ਜ਼ਿਆਦਾ ਪਰੇਸ਼ਾਨ ਰਹੇ। ਪਰਿਵਾਰ ਦੇ ਸਾਰੇ ਲੋਕ ਮੈਨੂੰ ਮਿਲਣ ਆਉਂਦੇ ਰਹੇ। ਮੇਰੇ ਮਾਂ-ਬਾਪ ਇਸ ਦੌਰ ਵਿੱਚ ਮੇਰੇ ਨਾਲ ਖੜੇ ਰਹੇ। ਉਨ੍ਹਾਂ ਦਾ ਪੂਰਾ ਵਿਸ਼ਵਾਸ ਸੀ ਕਿ ਉਨ੍ਹਾਂ ਦਾ ਪੁੱਤ ਗ਼ਲਤ ਨਹੀਂ ਹੋ ਸਕਦਾ।

ਗੜਚਿਰੌਲੀ ਪੁਲਿਸ ਦਫ਼ਤਰ ਵਿੱਚ ਮੇਰੇ ਸਾਹਮਣੇ ਦੋ ਆਦਿਵਾਸੀ ਮੁੰਡਿਆ ਨੂੰ ਲਿਆਂਦਾ ਗਿਆ। ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਸੀ। ਆਦਿਵਾਸੀ ਮੁੰਡਿਆਂ ਨੇ ਵੀ ਪੁਲਿਸ ਨੂੰ ਦੱਸਿਆ ਕਿ ਉਹ ਮੈਨੂੰ ਨਹੀਂ ਜਾਣਦੇ। ਪਰ ਉਹ ਨਹੀਂ ਮੰਨੇ, ਤਿੰਨ ਦਿਨਾਂ ਤੱਕ ਸਾਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ-ਮਾਰਿਆ ਗਿਆ। ਮੈਂ ਉਹਨਾਂ ਬੰਦਿਆ ਦੀਆਂ ਚੀਕਾਂ ਸੁਣ ਸਕਦਾ ਸੀ। ਪੁਲਿਸ ਵਾਲੇ ਹਰ ਦਿਨ ਇਨਕਾਉਂਟਰ ਦੀ ਧਮਕੀ ਦਿੰਦੇ, ਗਾਲ੍ਹਾਂ ਕੱਢਦੇ। ਉਹ ਚਾਹੁੰਦੇ ਸਨ ਕਿ ਮੈਂ ਆਪਣੇ-ਆਪ ਇਹ ਮੰਨ ਲਵਾਂ ਕਿ ਮੈਂ ਮਾਓਵਾਦੀ ਕੋਰੀਅਰ (ਸੰਦੇਸ਼ਵਾਹਕ) ਹਾਂ। 80 ਘੰਟੇ ਤੱਕ ਪੁਲਿਸਵਾਲਿਆਂ ਨੇ ਮੈਨੂੰ ਸੋਣ ਨਹੀਂ ਦਿੱਤਾ। ਮੇਰੇ ਨਾਲ ਉਨ੍ਹਾਂ ਦੋਨਾਂ ਆਦਿਵਾਸੀ ਮੁੰਡਿਆਂ ਨੂੰ ਵੀ ਮੁਲਜ਼ਿਮ ਬਣਾਇਆ ਗਿਆ ਹੈ।

ਨਿਖਿਲ : ਪੁਲਿਸ ਦਾ ਕਹਿਣਾ ਹੈ ਕਿ ਤੁਹਾਨੂੰ ਗੜਚਿਰੌਲੀ ਵਿੱਚ ਅਹੇਰੀ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ?
ਹੇਮ : ਮੇਰੀ ਗ੍ਰਿਫਤਾਰੀ ਬੱਲਾਰਸ਼ਾਹ ਰੇਲਵੇ ਸਟੇਸ਼ਨ ਤੋਂ ਹੋਈ ਸੀ। ਮਹਾਂਰਾਸ਼ਟਰ ਪੁਲਿਸ ਝੂਠ ਬੋਲ ਰਹੀ ਹੈ ਕਿ ਮੈਨੂੰ ਅਹੇਰੀ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਮੈਨੂੰ ਤਿੰਨ ਦਿਨਾਂ ਤੱਕ ਗ਼ੈਰਕਾਨੂੰਨੀ ਹਿਰਾਸਤ ਵਿੱਚ ਰੱਖਿਆ। ਦਫ਼ਤਰ ਪੁੱਜਣ ਉੱਤੇ ਮੈਨੂੰ ਗੜਚਿਰੌਲੀ ਦੇ ਤਤਕਾਲੀਨ ਐਸ.ਪੀ. ਸੁਵੈਜ ਹੱਕ ਦੇ ਸਾਹਮਣੇ ਪੇਸ਼ ਕੀਤਾ। ਮੈਂ ਉਨ੍ਹਾਂ ਨੂੰ ਆਪਣੇ ਸਾਰੇ ਆਈ.ਡੀ. ਕਾਰਡ ਵਿਖਾਏ ਅਤੇ ਦੱਸਿਆ ਕਿ JNU ਦਾ ਵਿਦਿਆਰਥੀ ਹਾਂ। ਹੱਕ ਨੇ ਕਿਹਾ, “ਤੈਨੂੰ ਫੜ੍ਹਨ ਵਾਲੇ ਲੋਕ ਜੋ ਵੀ ਕਹਿ ਰਹੇ ਨੇ, ਮੰਨ ਲਓ! ਨਹੀਂ ਤਾਂ ਸਾਡੇ ਕੋਲ ਹੋਰ ਵੀ ਰਸਤੇ ਹਨ।”

ਨਿਖਿਲ : ਮੀਡੀਆ ’ਚ ਆਈਆਂ ਖ਼ਬਰਾਂ ਦੇ ਅਨੁਸਾਰ ਜੇਲ੍ਹ ਵਿੱਚ ਤੁਹਾਨੂੰ ਅੰਡਾ ਸੈੱਲ ਵਿੱਚ ਰੱਖਿਆ ਗਿਆ ਸੀ ?
ਹੇਮ : ਗ੍ਰਿਫਤਾਰੀ ਦੇ 27 ਦਿਨ ਬਾਅਦ ਮੈਨੂੰ ਨਾਗਪੁਰ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ। ਮੈਨੂੰ ਲੱਗਿਆ ਕਿ ਜੇਲ੍ਹ ਦਾ ਜੀਵਨ ਪੁਲਿਸ ਹਿਰਾਸਤ ਵਿੱਚ ਮਿਲੇ ਤਸੀਹਿਆਂ ਤੋਂ ਥੋੜ੍ਹਾ ਘੱਟ ਦੁੱਖਦਾਈ ਹੋਵੇਗਾ। ਤਿੰਨ ਦਿਨਾਂ ਦੀ ਗ਼ੈਰ-ਕਾਨੂੰਨੀ ਹਿਰਾਸਤ ਦੇ ਬਾਅਦ, ਮੈਨੂੰ ਪਹਿਲਾਂ ਦਸ ਦਿਨ ਅਤੇ ਫਿਰ 14 ਦਿਨਾਂ ਤੱਕ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ।

ਇਸ ਦੌਰਾਨ ਐਨ.ਆਈ.ਏ, ਛੱਤੀਸਗੜ੍ਹ, ਮੁੰਬਈ, ਦਿੱਲੀ, ਮਹਾਂਰਾਸ਼ਟਰ, ਉਤਰਾਖੰਡ ਦੇ ਖੁਫ਼ੀਆ ਅਧਿਕਾਰੀਆਂ ਨੇ ਵੀ ਮੇਰੇ ਤੋਂ ਪੁੱਛ-ਗਿੱਛ ਕੀਤੀ। ਪਹਿਲੇ ਦਸ ਦਿਨਾਂ ਵਿੱਚ ਮੈਨੂੰ ਨਾ ਤਾਂ  ਮੂੰਹ ਧੋਣ ਦਿੱਤਾ ਗਿਆ ਅਤੇ ਨਾ ਹੀ ਮੈਨੂੰ ਨਹਾਉਣ ਦਿੱਤਾ ਗਿਆ। ਜਦੋਂ ਪਿਤਾ ਜੀ ਮਿਲਣ ਆਏ ਤੱਦ ਜਾ ਕੇ ਮੈਂ ਕੱਪੜੇ ਬਦਲ ਪਾਇਆ।

ਜੇਲ੍ਹ ਵਿੱਚ ਮੈਨੂੰ ਬੈਰਕ ਨੰਬਰ ਅੱਠ ਵਿੱਚ ਰੱਖਿਆ ਗਿਆ। ਇੱਥੇ ਨਕਸਲੀ ਮਾਮਲਿਆਂ ਨਾਲ ਜੁੜੇ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਨਕਸਲੀ ਕੇਸਾਂ ਵਿੱਚ ਕੈਦ ਜ਼ਿਆਦਾਤਰ ਲੋਕ ਆਦਿਵਾਸੀ ਸਨ। ਕਈ ਆਦਿਵਾਸੀ ਨੌਜਵਾਨਾਂ ਉੱਤੇ 50 ਨਾਲੋਂ ਵੀ ਜ਼ਿਆਦਾ ਮੁਕੱਦਮੇ ਪਾ ਦਿੱਤੇ ਗਏ ਹਨ। ਮੈਨੂੰ ਤਾਂ ਕੇਵਲ 27 ਦਿਨਾਂ ਤੱਕ ਰਿਮਾਂਡ ਵਿੱਚ ਰੱਖਿਆ ਗਿਆ, ਜਦਕਿ ਇਹਨਾਂ ਵਿੱਚੋਂ ਕਈ ਨੌਜਵਾਨ ਮਹੀਨਿਆਂ ਤੱਕ ਰਿਮਾਂਡ ਵਿੱਚ ਰਹੇ। ਅਦਾਲਤ ਵਿੱਚ ਮਹੀਨਿਆਂ ਤੱਕ ਇਹਨਾਂ ਦੀ ਪੇਸ਼ੀ ਨਹੀਂ ਹੁੰਦੀ।

ਇਸ ਵਜ੍ਹਾ ਕਰਕੇ ਇੱਕ ਫਰਵਰੀ 2014 ਨੂੰ ਨਾਗਪੁਰ ਜੇਲ੍ਹ ਵਿੱਚ ਅਣਮਿੱਥੇ ਸਮੇਂ ਲਈ ਭੁੱਖ -ਹੜਤਾਲ ਸ਼ੁਰੂ ਕਰ ਹੋਇਆ। ਭੁੱਖ-ਹੜਤਾਲ ਦੇ ਪਹਿਲੇ ਹੀ ਦਿਨ ਮੇਰੇ ਨਾਲ 22 ਲੋਕਾਂ ਨੂੰ ਅੰਡਾ ਸੈੱਲ ਵਿੱਚ ਭੇਜ ਦਿੱਤਾ ਗਿਆ। ਅੱਠ ਦਿਨ ਬਾਅਦ ਮੁੰਬਈ ਹਾਈਕੋਰਟ ਦੇ ਰਿਟਾਇਰਡ ਜਸਟਿਸ ਵੀ.ਕੇ. ਪਾਟਿਲ ਦੀ ਵਿਚੋਲਗੀ ਨਾਲ ਅੰਦੋਲਨ ਖ਼ਤਮ ਹੋਇਆ। ਪਰ ਅਗਲੇ ਡੇਢ ਸਾਲ ਤੱਕ ਮੈਨੂੰ ਆਪਣੀ ਜ਼ਿੰਦਗੀ 40 ਮੀਟਰ ਦੇ ਦਾਇਰੇ ਵਿੱਚ ਹੀ ਗੁਜ਼ਾਰਨੀ ਪਈ।

ਨਿਖਿਲ : ਕੀ ਤੁਸੀਂ ਮਾਓਵਾਦ ਦੇ ਸਮਰੱਥਕ ਹੋ ਜਾਂ ਮਾਓਵਾਦੀ ਵਿਚਾਰਧਾਰਾ ਨੂੰ ਲੈ ਕੇ ਤੁਹਾਨੂੰ ਮਾਣ ਹੈ ?
ਹੇਮ : ਕਿਸੇ ਵੀ ਵਿਚਾਰਧਾਰਾ ਨੂੰ ਮੰਨਣਾ ਗੈਰ-ਕਾਨੂਨੀ ਨਹੀਂ ਹੈ। ਕੋਈ ਵੀ ਵਿਅਕਤੀ ਕਿਸੇ ਵੀ ਵਿਚਾਰਧਾਰਾ ਨੂੰ ਮੰਨਣ ਲਈ ਆਜ਼ਾਦ ਹੈ। ਇਹ ਉਸਦਾ ਲੋਕਤਾਂਤਰਿਕ ਅਧਿਕਾਰ ਹੈ। ਸੁਪਰੀਮ ਕੋਰਟ ਨੇ ਆਪਣੇ ਆਪ ਕਈ ਫੈਂਸਲਿਆਂ ਵਿੱਚ ਕਿਹਾ ਕਿ ਕਿਸੇ ਪਾਬੰਦੀਸ਼ੁਦਾ ਸੰਗਠਨ ਦੇ ਮੈਂਬਰ ਹੋਣ ਨਾਲ ਕੋਈ ਗੁਨਾਹਗਾਰ ਨਹੀਂ ਹੋ ਜਾਂਦਾ।

ਮੈਂ ਇੱਕ ਕਲਾਕਾਰ ਹਾਂ। ਹਮੇਸ਼ਾ ਜਨਤਾ ਦੇ ਪੱਖ ਵਿੱਚ ਗਾਉਂਦਾ ਰਿਹਾ ਹਾਂ ਅਤੇ ਅੰਦੋਲਨ ਕਰਦਾ ਰਿਹਾ ਹਾਂ। ਜਨਤਾ ਨਾਲ ਜੁੜੇ ਅੰਦੋਲਨਾਂ ਦੇ ਕਾਰਨ ਮੈਨੂੰ ਜੇਲ੍ਹ ਭੇਜਿਆ ਗਿਆ। ਮੈਨੂੰ ਇਸਦਾ ਕੋਈ ਅਫ਼ਸੋਸ ਨਹੀਂ ਹੈ। ਜਨਤਾ ਨਾਲ ਜੁੜੀ ਲੜਾਈ ਦਾ ਮੈਨੂੰ ਮਾਣ ਹੈ ਅਤੇ ਹੋਣਾ ਵੀ ਚਾਹੀਦਾ ਹੈ।

ਨਿਖਿਲ : ਮਹਾਂਰਾਸ਼ਟਰ ਪੁਲਿਸ ਨੇ ਤੁਹਾਡੇ ਉੱਤੇ ਕੀ ਇਲਜ਼ਾਮ ਲਗਾਏ ਹਨ ?
ਹੇਮ : ਮਹਾਂਰਾਸ਼ਟਰ ਪੁਲਿਸ ਨੇ ਮੇਰੇ ਸਮੇਤ ਛੇ ਲੋਕਾਂ ਉੱਤੇ ਗੈਰਕਾਨੂੰਨੀ ਗਤੀਵਿਧੀ ਰੋਕੂ ਕਨੂੰਨ (ਯੂ.ਏ.ਪੀ.ਏ.) ਦੇ ਤਹਿਤ ਕੇਸ ਦਰਜ ਕੀਤਾ ਹੈ। ਗ੍ਰਿਫਤਾਰੀ ਦੇ ਬਾਅਦ ਪ੍ਰਸ਼ਾਂਤ ਰਾਹੀਂ, ਸਾਈਂਬਾਬਾ, ਮੈਨੂੰ ਅਤੇ ਤਿੰਨ ਆਦਿਵਾਸੀਆਂ ਨੂੰ ਇੱਕ ਹੀ ਜੇਲ੍ਹ ਵਿੱਚ ਰੱਖਿਆ ਗਿਆ ਸੀ।

ਨਿਖਿਲ : ਤੁਹਾਨੂੰ ਕਾਨੂੰਨੀ ਸਹਾਇਤਾ ਕਿਵੇਂ ਮਿਲੀ ?
ਹੇਮ : ਨਾਗਪੁਰ ਵਿੱਚ 37 ਸਾਲਾਂ ਸੁਰਿੰਦਰ ਗਾਡਲਿੰਗ ਦੀ ਅਗਵਾਈ ਵਿੱਚ ਵਕੀਲਾਂ ਦੀ ਇੱਕ ਟੀਮ ਹੈ। ਉਹ ਵਿਦਰਭ ਇਲਾਕੇ ਵਿੱਚ ਮਾਓਵਾਦੀ ਘੋਸ਼ਿਤ ਕਰ ਦਿੱਤੇ ਗਏ ਕਈ ਅੰਦੋਲਨਕਾਰੀਆਂ ਦੇ ਵਕੀਲ ਹਨ। ਉਹ ਹੀ ਮੇਰਾ ਕੇਸ ਲੜ੍ਹ ਰਹੇ ਹਨ।

ਨਿਖਿਲ : ਪੁਲਿਸ ਦਾ ਦਾਅਵਾ ਹੈ ਕਿ ਉਸਨੇ ਤੁਹਾਨੂੰ ਦੋ ਆਦਿਵਾਸੀਆਂ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨਾਲ ਤੁਹਾਡਾ ਕੀ ਰਿਸ਼ਤਾ ਹੈ ?
ਹੇਮ : ਮੈਂ ਪਹਿਲੀ ਵਾਰ ਉਨ੍ਹਾਂ ਦੋਨਾਂ ਆਦਿਵਾਸੀਆਂ ਨੂੰ ਗੜਚਿਰੌਲੀ ਪੁਲਿਸ ਦਫ਼ਤਰ ਵਿੱਚ ਵੇਖਿਆ। ਉਹ ਦੋਨੋਂ ਗਰੀਬ ਅਤੇ ਕਿਸਾਨ ਪਰਿਵਾਰ ’ਚੋਂ ਆਉਂਦੇ ਹਨ। ਫਿਲਹਾਲ ਉਹ ਜ਼ਮਾਨਤ ’ਤੇ ਹਨ। ਆਦਿਵਾਸੀਆਂ ਨੂੰ ਗ੍ਰਿਫ਼ਤਾਰ ਕਰਨਾ, ਉਨ੍ਹਾਂ ’ਤੇ ਫਰਜੀ ਕੇਸ ਲੱਦ ਦੇਣਾ ਬਹੁਤ ਹੀ ਸੋਖਾ ਹੈ। ਮੈਂ ਦੇਸ਼ ਦੀ ਮਾਨਯੋਗ ਯੂਨੀਵਰਸਿਟੀ ਦਾ ਵਿਦਿਆਰਥੀ ਹਾਂ ਇਸਦੇ ਬਾਵਜੂਦ ਮੇਰੇ ਤੇ ਇੰਨਾ ਤਸ਼ੱਦਦ ਕੀਤਾ ਗਿਆ, ਤਾਂ ਤੁਸੀਂ ਸੋਚ ਸਕਦੇ ਹੋ ਕਿ ਆਦਿਵਾਸੀਆਂ ਦੇ ਨਾਲ ਪੁਲਿਸ ਕੀ ਸਲੂਕ ਕਰਦੀ ਹੋਵੇਗੀ।

ਨਿਖਿਲ : ਪ੍ਰਸ਼ਾਂਤ ਰਾਹੀਂ ਨੂੰ ਕਦੋਂ ਤੋਂ ਜਾਣਦੇ ਹੋ?
ਹੇਮ : ਪ੍ਰਸ਼ਾਂਤ ਰਾਹੀਂ ਉਤਰਾਖੰਡ ਦੇ ਪ੍ਰਸਿੱਧ ਸਮਾਜਿਕ ਕਾਰਕੁੰਨ ਅਤੇ ਪੱਤਰਕਾਰ ਹਨ। 2008 ਵਿੱਚ ਪਹਿਲੀ ਵਾਰ ਉਨ੍ਹਾਂ ਨੂੰ ਮਾਓਵਾਦੀ ਗਤੀਵਿਧੀਆਂ ਵਿੱਚ ਲਿਪਤ ਹੋਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਮੈਂ ਇੱਕ ਤੱਥ ਖੋਜ ਟੀਮ (ਫੈਕਟ ਫਾਈਂਡਿੰਗ ਟੀਮ) ਦੇ ਮੈਂਬਰ ਦੇ ਰੂਪ ਵਿੱਚ ਰਾਹੀਂ ਨਾਲ ਉਸ ਸਮੇਂ ਦੇਹਰਾਦੂਨ ਜੇਲ੍ਹ ਵਿੱਚ ਮਿਲਿਆ ਸੀ। 20 ਅਗਸਤ, 2013 ਨੂੰ ਮੇਰੀ ਗ੍ਰਿਫਤਾਰੀ ਦੇ ਕੁਝ ਦਿਨ ਬਾਅਦ ਹੀ ਰਾਹੀਂ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ।

ਦੂਜੀ ਵਾਰ ਮੈਂ ਉਨ੍ਹਾਂ ਨੂੰ ਅਹੇਰੀ ਥਾਣੇ ਵਿੱਚ ਮਿਲਿਆ। ਰਾਹੀਂ ਮੇਰੇ ਸਾਹਮਣੇ ਵਾਲੇ ਹਵਾਲਾਤ ਵਿੱਚ ਸਨ। ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਰਾਹੀਂ ਕਿਸੇ ਲੀਗਲ/ਕਾਨੂੰਨੀ ਕੰਮ ਦੇ ਚਲਦੇ ਰਾਏਪੁਰ ਗਏ ਸਨ ਅਤੇ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਤੋਂ ਚੁੱਕਿਆ, ਪਰ ਗ੍ਰਿਫਤਾਰੀ ਗੜਚਿਰੌਲੀ ਵਿੱਚ ਵਿਖਾਈ।

ਨਿਖਿਲ : ਮਹਾਂਰਾਸ਼ਟਰ ਪੁਲਿਸ ਦਾ ਦੋਸ਼ ਹੈ ਕਿ ਜੀ.ਐਨ. ਸਾਈਂਬਾਬਾ ਅਤੇ ਪ੍ਰਸ਼ਾਂਤ ਰਾਹੀਂ ਨੇ ਤੁਹਾਨੂੰ ਮਾਓਵਾਦੀਆਂ ਨੂੰ ਸੁਨੇਹਾ ਦੇਣ ਲਈ ਗੜਚਿਰੌਲੀ ਭੇਜਿਆ ਸੀ। ਕੀ ਤੁਸੀਂ ਸਾਈਂਬਾਬਾ ਨੂੰ ਪਹਿਲਾਂ ਤੋਂ ਜਾਣਦੇ ਹੋ ?
ਹੇਮ : ਮੈਂ JNU ਵਿੱਚ ਪੜ੍ਹਦਾ ਹਾਂ। ਉੱਥੇ ਲਗਾਤਾਰ ਸੈਮੀਨਾਰ ਅਤੇ ਜਨਤਕ ਮੀਟਿੰਗ ਹੁੰਦੇ ਰਹਿੰਦੇ ਹਨ। ਮੈਂ ਇਹਨਾਂ ਸੈਮੀਨਾਰ ਅਤੇ ਪਬਲਿਕ ਮੀਟਿੰਗਾਂ ਕਾਰਨ ਹੀ ਉਹਨਾਂ ਤੋਂ ਜਾਣੂ ਹਾਂ। ਮੇਰੀ ਉਨ੍ਹਾਂ ਨਾਲ ਕੋਈ ਵਿਅਕਤੀਗਤ ਮੁਲਾਕਾਤ ਨਹੀਂ ਹੋਈ ਹੈ। ਮੈਂ ਸਾਈਂਬਾਬਾ ਨੂੰ ਇਸ ਰੂਪ ਵਿੱਚ ਜਾਣਦਾ ਹਾਂ ਕਿ ਉਹ ਮਾਓਵਾਦੀ ਇਲਾਕਿਆਂ ਵਿੱਚ ਚਲਾਏ ਜਾ ਰਹੇ ਆਪਰੇਸ਼ਨ ਗਰੀਨ ਹੰਟ ਦੇ ਤਿੱਖੇ ਵਿਰੋਧੀ ਰਹੇ ਹਨ। ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾਲ ਜੁੜੇ ਮੁੱਦਿਆਂ ਉੱਤੇ ਲਗਾਤਾਰ ਆਵਾਜ਼ ਚੁੱਕਦੇ ਰਹੇ ਹਨ।

ਨਿਖਿਲ : ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਨਜ਼ਰੀਆ ਕਿਵੇਂ ਰਿਹਾ ਤੁਹਾਡੇ ਪ੍ਰਤੀ ?
ਹੇਮ : ਜੇਲ੍ਹ ’ਚੋਂ ਛੁੱਟ ਕੇ JNU ਕੈਂਪਸ ਵਿੱਚ ਆਉਣ ਦੇ ਬਾਅਦ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਸੀ, ਉਨ੍ਹਾਂ ਨੇ ਵੀ ਮੈਨੂੰ ਗਲੇ ਲਗਾ ਕੇ ਸਵਾਗਤ ਕੀਤਾ। ਜੇਲ੍ਹ ਵਿੱਚ ਰਹਿਣ ਦੇ ਦੌਰਾਨ ਅਤੇ ਆਉਣ ਦੇ ਬਾਅਦ ਵੀ ਲੋਕਾਂ ਨੇ ਮੇਰਾ ਸਮਰਥਨ ਕੀਤਾ। ਮੇਰੀ ਰਿਹਾਈ ਲਈ ਵੀ JNU ਵਿੱਚ ਅੰਦੋਲਨ ਹੋਏ। ਜੋ ਵੀ ਲੋਕ ਮੈਨੂੰ ਮਿਲ ਰਹੇ ਹਨ, ਉਹ ਮੇਰੇ ਦੁਆਰਾ ਚੁੱਕੇ ਗਏ ਮੁੱਦਿਆਂ ਨਾਲ ਸਹਿਮਤ ਹਨ। ਮੈਨੂੰ ਕਦੇ ਅਹਿਸਾਸ ਨਹੀਂ ਹੋਇਆ ਕਿ ਲੋਕਾਂ ਨੇ ਮੇਰਾ ਸਾਥ ਛੱਡ ਦਿੱਤਾ ਹੈ।

ਨਿਖਿਲ : ਪਰ ਪੁਲਿਸ ਤਾਂ ਤੁਹਾਨੂੰ ਮਾਓਵਾਦੀ ਕੋਰੀਅਰ (ਸੰਦੇਸ਼ਵਾਹਕ) ਮੰਨਦੀ ਹੈ।
ਹੇਮ : ਛੱਤੀਸਗੜ ਦੇ ਮਸ਼ਹੂਰ ਡਾਕਟਰ ਅਤੇ PUCL ਦੇ ਰਾਸ਼ਟਰੀ ਉੱਪ-ਪ੍ਰਧਾਨ ਵਿਨਾਇਕ ਸੇਨ ਨੇ ਵੀ ਲੋਕਾਂ ਦੇ ਹੱਕ ’ਚ ਆਵਾਜ਼ ਉਠਾਈ ਸੀ। ਇਸ ਕਾਰਨ ਉਨ੍ਹਾਂ ਉੱਤੇ ਦੇਸ਼ ਧਰੋਹ ਦਾ ਕੇਸ ਪਾ ਦਿੱਤਾ ਗਿਆ ਸੀ। ਮੇਰੇ ਉੱਤੇ ਵੀ ਇਹੀ ਇਲਜ਼ਾਮ ਲਗਾਇਆ ਗਿਆ ਹੈ ਕਿ ਮਾਓਵਾਦੀਆਂ ਦਾ ਕੋਰੀਅਰ (ਸੰਦੇਸ਼ਵਾਹਕ) ਹਾਂ।

ਸਭ ਤੋਂ ਜ਼ਿਆਦਾ ਗੈਰ-ਕਾਨੂੰਨੀ ਕੰਮ ਪੁਲਿਸ ਕਰਦੀ ਹੈ। ਜੇਲ੍ਹ ਦੀ ਇੱਕ ਘਟਨਾ ਦੱਸਦਾ ਹਾਂ। ਇੱਕ ਵਾਰ ਇਲਾਜ ਲਈ ਪੁਲਿਸ ਮੈਨੂੰ ਹਸਪਤਾਲ ਲੈ ਕੇ ਜਾ ਰਹੀ ਸੀ। ਪੁਲਿਸ ਨੇ ਮੈਨੂੰ ਹੱਥਕੜੀ ਪੁਆਉਣ ਦੀ ਕੋਸ਼ਿਸ਼ ਕੀਤੀ।  ਸੁਪ੍ਰੀਮ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਕਿਹਾ ਹੈ ਕਿ ਤੁਸੀਂ ਕਿਸੇ ਵੀ ਮੁਲਜ਼ਿਮ ਨੂੰ ਜੇਲ੍ਹ ’ਚੋਂ ਬਾਹਰ ਲੈ ਜਾਂਦੇ ਹੋਏ ਹੱਥਕੜੀ ਨਹੀਂ ਲਾ ਸਕਦੇ। ਮੈਂ ਜਦੋਂ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਇੱਕ ਘੰਟੇ ਤੱਕ ਲੱਤਾਂ-ਮੁੱਕਿਆਂ ਨਾਲ ਕੁੱਟਿਆ। ਮੈਨੂੰ ਉਹ ਇਲਾਜ ਲਈ ਵੀ ਨਹੀਂ ਲੈ ਗਏ।

ਨਿਖਿਲ : ਕੀ ਤੁਹਾਨੂੰ ਭਾਰਤੀ ਨਿਆਂ ਪ੍ਰਣਾਲੀ ਵਿਚੋਂ ਨਿਰਦੋਸ਼ ਛੁੱਟਣ ਦੀ ਉਮੀਦ ਹੈ ?
ਹੇਮ : ਪਹਿਲੀ ਗੱਲ ਇਹ ਹੈ ਕਿ ਮੈਂ ਕੋਈ ਅਪਰਾਧ ਨਹੀਂ ਕੀਤਾ ਹੈ। ਪਹਿਲੀ ਲੜਾਈ ਮੈਂ ਜਿੱਤ ਲਈ ਹੈ। ਮੇਰੀ ਗ੍ਰਿਫਤਾਰੀ ਦਾ ਭਾਰਤ ਸਹਿਤ ਪੂਰੀ ਦੁਨੀਆ ਵਿੱਚ ਵਿਰੋਧ ਹੋਇਆ ਹੈ। ਕਈ ਲੋਕਾਂ ਨੇ ਮੇਰੇ ਪੱਖ ਵਿੱਚ ਵਿਰੋਧ ਕੀਤਾ ਹੈ। ਇਸ ਕਾਰਨ ਹੀ ਮੈਨੂੰ ਜ਼ਮਾਨਤ ਮਿਲ ਸਕੀ ਹੈ।

ਦੂਜਾ ਇਸ ਕੇਸ ਦਾ ਕੋਈ ਆਧਾਰ ਨਹੀਂ ਹੈ। ਇਸ ਕੇਸ ਵਿੱਚ ਇੰਨਾ ਦਮ ਨਹੀਂ ਹੈ ਕਿ ਮੈਨੂੰ ਦੋਸ਼ੀ ਸਾਬਤ ਕਰ ਸਕੇ। ਪੁਲਿਸ ਨੇ ਮੈਨੂੰ ਫਰਜੀ ਤਰੀਕੇ ਨਾਲ ਫਸਾਇਆ, ਇਸ ਲਈ ਮੈਨੂੰ ਜ਼ਮਾਨਤ ਮਿਲਣੀ ਹੀ ਸੀ।

ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਰੱਖਣ ਜਾਂ ਨਾ ਰੱਖਣ ਦਾ ਸਵਾਲ ਹੀ ਨਹੀਂ ਹੈ। ਦੇਸ਼ ਦੇ ਅੰਦਰ ਹਜ਼ਾਰਾਂ ਤੋਂ ਜ਼ਿਆਦਾ ਰਾਜਨੀਤਕ ਬੰਦੀ ਜੇਲ੍ਹਾਂ ਵਿੱਚ ਪਏ ਹੋਏ ਹਨ। ਔਰਤਾਂ, ਦਲਿਤਾਂ ਅਤੇ ਆਦਿਵਾਸੀਆਂ ਉੱਤੇ ਵੀ ਦੇਸ਼ ਧ੍ਰੋਹ ਜਿਹੇ ਕੇਸ ਲੱਗੇ ਹੋਏ ਹਨ। ਨਿਰਦੋਸ਼ ਅਤੇ ਵਾਂਝਾ ਤਬਕੇ ਦੇ ਲੋਕ ਜੇਲ੍ਹਾਂ ਵਿੱਚ ਪਏ ਹੋਏ ਹਨ।

ਮੈਂ ਇਹ ਨਹੀਂ ਕਹਿ ਸਕਦਾ ਹਾਂ ਕਿ ਲੋਕਾਂ ਨੂੰ ਪੂਰੀ ਤਰ੍ਹਾਂ ਨਿਆਂ ਮਿਲ ਰਿਹਾ ਹੈ। ਅਦਾਲਤ ਵਿੱਚ ਵੀ ਹਾਲੇ ਕਾਫ਼ੀ ਬਦਲਾਵ ਬਾਕੀ ਹਨ। ਇਹ ਜਨਤਾ ਦਾ ਹੀ ਦਬਾਅ ਹੈ ਕਿ ਕਈ ਵਾਰ ਕੋਰਟ ਤੋਂ ਇਤਿਹਾਸਿਕ ਫੈਸਲੇ ਆਏ। ਦਲਿਤ, ਆਦਿਵਾਸੀ, ਮੁਸਲਮਾਨ ਅਤੇ ਰਾਜਨੀਤਕ ਬੰਦੀ ਜੋ ਜੇਲ੍ਹਾਂ ਵਿੱਚ ਪਏ ਹਨ, ਉਨ੍ਹਾਂ ਦੇ ਲਈ ਵੱਡੇ ਅੰਦੋਲਨ ਦੀ ਜ਼ਰੂਰਤ ਹੈ।

ਨਿਖਿਲ : ਜੋ ਮੁੱਦੇ ਤੁਸੀਂ ਉਠਾ ਰਹੇ ਹੋ, ਕੀ ਉਨ੍ਹਾਂ ਦਾ ਲੋਕਤਾਂਤਰਿਕ ਅਤੇ ਸੰਵਿਧਾਨਿਕ ਹੱਲ ਸੰਭਵ ਨਹੀਂ ਹੈ ?
ਹੇਮ : ਭਾਰਤੀ ਸੰਵਿਧਾਨ ਜੋ ਅਧਿਕਾਰ ਦਿੰਦਾ ਹੈ, ਜੇਕਰ ਉਹ ਲਾਗੂ ਹੋ ਜਾਣ ਤਾਂ ਕਾਫ਼ੀ ਰਾਹਤ ਮਿਲ ਸਕਦੀ ਹੈ। ਭਾਰਤ ਸਰਕਾਰ ਖੁਦ ਕਿੱਥੇ ਸੰਵਿਧਾਨ ਦੀ ਪੈਰਵੀ ਕਰ ਰਹੀ ਹੈ। ਸੰਵਿਧਾਨ ਦੇ ਅਨੁਸਾਰ ਕਿਸੇ ਵੀ ਮੁਲਾਜ਼ਿਮ ਨੂੰ 24 ਘੰਟੇ ਦੇ ਅੰਦਰ ਕੋਰਟ ਵਿੱਚ ਪੇਸ਼ ਕਰਨਾ ਚਾਹੀਦਾ ਹੈ, ਜਦੋਂ ਕਿ ਮੇਰੇ ਹੀ ਮਾਮਲੇ ਵਿੱਚ 80 ਘੰਟੇ ਦੀ ਗ਼ੈਰ-ਕਾਨੂੰਨੀ ਹਿਰਾਸਤ ਦੇ ਬਾਅਦ ਕੋਰਟ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਅਤੇ ਸਰਕਾਰ ਨਾ ਤਾਂ ਕਾਨੂੰਨ ਮੰਨਦੀ ਹੈ ਅਤੇ ਨਾ ਹੀ ਸੰਵਿਧਾਨ ਦੇ ਅਨੁਸਾਰ ਚੱਲ ਰਹੀ ਹੈ। ਸਾਡੀ ਲੜਾਈ ਹੈ ਕਿ ਸਾਰਿਆ ਨੂੰ ਨਿਆਂ ਮਿਲੇ।

ਨਿਖਿਲ : ਤੁਹਾਡੇ ਅਨੁਸਾਰ ਲੋਕਾਂ ਨੂੰ ਨਿਆਂ ਕਿਵੇਂ ਮਿਲੇਗਾ ?
ਹੇਮ : ਜਨਤਾ ਦੀਆਂ ਲੜਾਈਆਂ ਹੀ ਲੋਕਾਂ ਨੂੰ ਨਿਆਂ ਦਵਾਉਣਗੀਆਂ। ਜਨਤਕ ਲਹਿਰਾਂ ਦੇ ਬਿਨ੍ਹਾਂ ਕੋਈ ਵੱਡਾ ਪਰਿਵਰਤਨ ਸੰਭਵ ਨਹੀਂ ਹੈ। ਜਿਵੇਂ ਜ਼ਮੀਨ ਉੱਤੇ ਜਨਤਾ ਦਾ ਹੱਕ ਹੋਣਾ ਚਾਹੀਂਦਾ ਹੈ ਅਤੇ ਇਸਦੇ ਲਈ ਜਨਤਾ ਦਾ ਅੰਦੋਲਨ ਹੀ ਤੈਅ ਕਰੇਗਾ ਕਿ ਉਨ੍ਹਾਂ ਦੀ ਜ਼ਮੀਨਾਂ ਉਨ੍ਹਾਂ ਦੇ ਕੋਲ ਰਹਿਣ। ਸਰਕਾਰ ਅਜਿਹੀਆਂ ਨੀਤੀਆਂ ਬਣਾ ਰਹੀ ਹੈ, ਜਿਸਦੇ ਤਹਿਤ ਵਿਦਿਆਰਥੀਆਂ ਦਾ ਵਜ਼ੀਫ਼ਾ ਬੰਦ ਕਰ ਰਹੀ ਹੈ। ਇਹ ਗਰੀਬ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਤੋਂ ਦੂਰ ਰੱਖਣ ਦੀ ਕੋਸ਼ਿਸ਼ ਹੈ।

ਨਿਖਿਲ : ਕੀ ਇਹ ਜਨਤਕ ਲਹਿਰ ਸੰਵਿਧਾਨਿਕ ਦਾਇਰੇ ਵਿੱਚ ਹੋਵੇਗੀ ?
ਹੇਮ : ਇਹ ਤਾਂ ਵਕਤ ਤੈਅ ਕਰੇਗਾ। ਮੈਨੂੰ ਜਨਤਕ ਲਹਿਰਾਂ ਉੱਤੇ ਪੂਰਾ ਵਿਸ਼ਵਾਸ ਹੈ। ਲੋਕ ਸੰਵਿਧਾਨਿਕ ਦਾਇਰੇ ਵਿੱਚ ਹੀ ਅੰਦੋਲਨ ਕਰ ਰਹੇ ਹਨ ਅਤੇ ਉਨ੍ਹਾਂ ਉੱਤੇ ਮਾਓਵਾਦੀ ਹੋਣ ਦਾ ਠੱਪਾ ਲਾ ਦਿੱਤਾ ਜਾਂਦਾ ਹੈ। ਸਰਕਾਰ ਵਿਰੋਧ ਦੀ ਆਵਾਜ਼ ਸੁਣਨਾ ਨਹੀਂ ਚਾਹੁੰਦੀ। ਲੋਕਤੰਤਰ ਵਿੱਚ ਅਸਹਿਮਤੀ ਦਾ ਅਧਿਕਾਰ ਹੈ, ਪਰ ਸਰਕਾਰ ਆਪਣੇ ਖਿਲਾਫ ਉੱਠ ਰਹੀ ਆਵਾਜ਼ ਨੂੰ ਕਿੱਥੇ ਬਰਦਾਸ਼ਤ ਕਰ ਪਾ ਰਹੀ ਹੈ।

ਨਿਖਿਲ : ਲੋਕਤੰਤਰ ਵਿੱਚ ਹੱਤਿਆ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ, ਪਰ ਮਾਓਵਾਦੀ ਕਰ ਰਹੇ ਹਨ ?
ਹੇਮ : ਅੱਜ ਕਿਸ ਨੂੰ ਮਾਓਵਾਦੀ ਬੋਲਿਆ ਜਾ ਰਿਹਾ ਹੈ? ਜੋ ਲੋਕ ਆਪਣੇ ਜਲ-ਜੰਗਲ-ਜ਼ਮੀਨ ਦੀ ਲੜਾਈ ਲੜ ਰਹੇ ਹਨ, ਉਨ੍ਹਾਂ ਨੂੰ ਮਾਓਵਾਦੀ ਬੋਲਿਆ ਜਾ ਰਿਹਾ ਹੈ। ਹਿੰਸਾ ਦੇ ਦੋ ਪਹਿਲੂ ਹਨ। ਇਸਦੇ ਲਈ ਕੌਣ ਜ਼ਿੰਮੇਵਾਰ ਹੈ? ਆਪਣੀ ਜ਼ਮੀਨ ਉੱਤੇ ਜਨਤਾ ਦਾ ਹੱਕ ਨਹੀਂ ਹੈ, ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ ਹੈ ਅਤੇ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਨਹੀਂ ਹੈ।

ਲੋਕ ਲਗਾਤਾਰ ਅੰਦੋਲਨ ਕਰ ਰਹੇ ਹਨ, ਉਨ੍ਹਾਂ ਦੀ ਕੌਣ ਸੁਣ ਰਿਹਾ ਹੈ? ਇਸ ਹਿੰਸਾ ਲਈ ਸਰਕਾਰ ਜ਼ਿਆਦਾ ਜ਼ਿੰਮੇਵਾਰ ਹੈ। ਉਸਦੀਆਂ ਰਾਜਨੀਤਿਕ-ਸਮਾਜਿਕ ਅਤੇ ਆਰਥਿਕ ਨੀਤੀਆਂ ਜ਼ਿੰਮੇਵਾਰ ਹਨ। ਵਿਦਰਭ, ਜਿੱਥੋਂ ਮੈਨੂੰ ਗ੍ਰਿਫ਼ਤਾਰ ਕੀਤਾ ਗਿਆ, ਉੱਥੇ ਹਜ਼ਾਰਾਂ ਕਿਸਾਨਾਂ ਨੇ ਆਤਮਹੱਤਿਆ ਕੀਤੀ ਹੈ। ਪਿਛਲੇ ਦਹਾਕੇ ਵਿੱਚ ਲੱਖਾਂ ਕਿਸਾਨਾਂ ਨੇ ਆਤਮ-ਹੱਤਿਆ ਕੀਤੀ। ਇਸਦੇ ਲਈ ਕੌਣ ਜ਼ਿੰਮੇਵਾਰ ਹੈ? ਸਰਕਾਰ ਦੀ ਲੋਕ-ਵਿਰੋਧੀ ਨੀਤੀਆਂ ਦੇ ਚਲਦੇ ਹਜ਼ਾਰਾਂ -ਲੱਖਾਂ ਲੋਕ ਮਰ ਰਹੇ ਹਨ।

ਨਿਖਿਲ : ਬੀ.ਜੇ.ਪੀ. ਦੇ ਪ੍ਰਮੁੱਖ ਨੇਤਾ ਸੁਬਰਮ੍ਣੀਅਮ ਸਵਾਮੀ ਦਾ ਕਹਿਣਾ ਹੈ JNU ਵਿੱਚ ਨਕਸਲੀਆਂ ਨੂੰ ਫੜ੍ਹਨ ਲਈ ਬੀ.ਐਸ.ਐਫ. ਕੈਂਪ ਹੋਣਾ ਚਾਹੀਦਾ ਹੈ।
ਹੇਮ : ਸਰਕਾਰ ਡਰੀ ਹੋਈ ਹੈ ਅਤੇ ਅਸਹਿਮਤੀ ਦੀ ਇੱਕ ਵੀ ਆਵਾਜ਼ ਨਹੀਂ ਸੁਣਨਾ ਚਾਹੁੰਦੀ। ਜਿੱਥੇ ਤੱਕ JNU ਦਾ ਸਵਾਲ ਹੈ, ਇੱਥੇ ਦਾ ਇਤਿਹਾਸ ਰਿਹਾ ਹੈ ਕਿ ਇਸ ਯੂਨੀਵਰਸਿਟੀ ਨੇ ਸਰਕਾਰ ਦੀ ਲੋਕ-ਵਿਰੋਧੀ ਨੀਤੀਆਂ ਦੀ ਮੁਖ਼ਾਲਫ਼ਤ ਕੀਤੀ ਹੈ। ਲੋਕਾਂ ਦੇ ਉਜਾੜੇ, ਦਲਿਤਾਂ ਦੀਆਂ ਸਮੱਸਿਆਵਾਂ, ਔਰਤਾਂ ਦੀ ਸੁਰੱਖਿਆ, ਮਜ਼ਦੂਰਾਂ ਦੇ ਸਵਾਲ ਉੱਤੇ ਅਤੇ ਭੂ-ਮੰਡਲੀਕਰਨ ਦੇ ਸਵਾਲ ’ਤੇ ਇੱਥੇ ਦਾ ਵਿਦਿਆਰਥੀ ਹਮੇਸ਼ਾ ਪ੍ਰਤੀਕਿਰਿਆ ਦਿੰਦਾ ਰਿਹਾ ਹੈ।

ਨਿਖਿਲ : ਭਾਰਤ ਦੇ ਖੱਬੇਪੱਖੀ ਦਲ ਜੋ ਸੰਸਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਮਾਓਵਾਦੀ ਜੋ ਬੰਦੂਕ ਦੇ ਦਮ ਉੱਤੇ ਸੱਤਾ ਤਬਦੀਲੀ ਚਾਹੁੰਦੇ ਹਨ, ਦੋਨਾਂ ਵਿੱਚੋਂ ਤੁਸੀਂ ਕਿਸ ਰਸਤੇ ਨੂੰ ਠੀਕ ਮੰਨਦੇ ਹੋ ?
ਹੇਮ : ਮੈਂ ਇੱਕ ਕਲਾ-ਕਰਮੀ ਹਾਂ ਅਤੇ ਲੋਕਾਂ ਦੇ ਵਿੱਚ ਜਨਤਾ ਦੇ ਗੀਤ ਗਾ ਕੇ, ਨਾਟਕਾਂ ਦੀ ਨੁਮਾਇਸ਼ ਕਰਕੇ, ਇੱਕ ਅੰਦੋਲਨਕਾਰੀ ਦੇ ਰੂਪ ਵਿੱਚ ਖੜਾ ਹਾਂ। ਇਹ ਮੇਰਾ ਤਰੀਕਾ ਹੈ ਅਤੇ ਉਹ ਜੋ ਕਰ ਰਹੇ ਨੇ ਉਹ ਉਨ੍ਹਾਂ ਦਾ ਤਰੀਕਾ ਹੈ। ਮੈਂ ਆਪਣੀ ਡੱਫਲੀ ਦੇ ਨਾਲ ਜਨਤਾ ਦੇ ਵਿੱਚ ਗਾਉਂਦਾ ਰਿਹਾ ਹਾਂ ਅਤੇ ਗਾਉਂਦਾ ਰਹਾਂਗਾ।

ਨਿਖਿਲ : ਸਰਕਾਰ ਦਾ ਵਿਰੋਧ ਤਾਂ ਕੁਝ ਲੇਖਕ, ਫ਼ਿਲਮਕਾਰ, ਸਾਹਿਤਕਾਰ ਅਤੇ ਬੁੱਧੀਜੀਵੀ ਵੀ ਕਰ ਰਹੇ ਹਨ ।
ਹੇਮ : ਮਹਾਂਰਾਸ਼ਟਰ ਵਿੱਚ ਨਰੇਂਦਰ ਦਾਭੋਲਕਰ ਦੀ ਹੱਤਿਆ ਹੋ ਜਾਂਦੀ ਹੈ, ਮੇਰੇ ਜਿਹੇ ਕਲਾ-ਕਰਮੀ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਕਾਮਰੇਡ ਪਨਸਰੇ ਦੇ ਹਤਿਆਰੇ ਖੁੱਲ੍ਹੇ ਆਮ ਘੁੰਮ ਰਹੇ ਹਨ। ਤੁਸੀਂ ਜੋ ਆਪਣੇ ਆਪ ਨੂੰ ਸਭ ਤੋਂ ਵੱਧ ਲੋਕਤੰਤਰਿਕ ਬੋਲ ਰਹੇ ਹੋਂ ਉੱਥੇ ਕਲਬੁਰਗੀ ਜਿਹੇ ਲੇਖਕਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਇਸਦੇ ਲਈ ਕੌਣ ਜ਼ਿੰਮੇਦਾਰ ਹੈ? ਸਰਕਾਰ ਇਨ੍ਹਾਂ ਹੱਤਿਆਵਾਂ ਲਈ ਜ਼ਿੰਮੇਵਾਰ ਹੈ। ਅੱਜ ਵਿਰੋਧ ਕਰਨ ਵਾਲਿਆਂ ਉੱਤੇ ਖ਼ਤਰਾ ਮੰਡਰਾ ਰਿਹਾ ਹੈ।

ਨਿਖਿਲ ਕੁਮਾਰ ਵਰਮਾ
ਨਿਖਿਲ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਰਾਜਨੀਤੀ ਅਤੇ ਖੇਡ ਪੱਤਰਕਾਰਤਾ ਦੀ ਡੂੰਘੀ ਸਮਝ ਰੱਖਦੇ ਹਨ। ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਹਿੰਦੀ ਵਿੱਚ ਗ੍ਰੈਜੁਏਟ ਅਤੇ ਆਈ.ਆਈ.ਐਮ.ਸੀ. ਦਿੱਲੀ ਤੋਂ ਪੱਤਰਕਾਰੀ ਵਿੱਚ ਪੀ.ਜੀ. ਡਿਪਲੋਮਾ ਕੀਤਾ ਹੈ। ਹਿੰਦੀ ਪੱਟੀ ਦੇ ਜਨ-ਅੰਦੋਲਨ ਨਾਲ ਵੀ ਜੁੜੇ ਰਹੇ ਹਨ। ਮਨਮੌਜੀ ਅਤੇ ਘੁਮੱਕੜ ਸੁਭਾਅ ਦੇ ਨਿਖਿਲ ਚੰਗੇਰਾ ਖਾਣਾ ਬਣਾਉਣ ਦੇ ਵੀ ਸ਼ੌਕੀਨ ਹਨ।

Comments

Security Code (required)Can't read the image? click here to refresh.

Name (required)

Leave a comment... (required)

ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ