Tue, 16 April 2024
Your Visitor Number :-   6975226
SuhisaverSuhisaver Suhisaver

ਇਰਾਕ ’ਚ ਬੰਧਕ ਪਿੰਡ ਜੈਤਪੁਰ ਦੇ ਗੁਰਦੀਪ ਸਿੰਘ ਦੇ ਪਰਿਵਾਰ ਦੀ ਹਾਲਤ ਤਰਸਯੋਗ

Posted on:- 15-05-2015

suhisaver

ਸਰਕਾਰ ਬੰਧਕ 39ਨੌਜਵਾਨਾਂ ਬਾਰੇ ਸੱਚਾਈ ਦੱਸੇ : ਪੀੜਤ ਪਰਿਵਾਰ

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ ਨਾਲ ਲੱਗਦੇ ਪਿੰਡ ਜੈਤਪੁਰ ਦੇ ਇਕ ਗਰੀਬ ਪਰਿਵਾਰ ਨੂੰ ਪਿਛਲੇ ਪੂਰੇ ਇਕ ਸਾਲ ਤੋਂ ਨਹੀਂ ਪਤਾ ਕਿ ਇਰਾਕ ਵਿਚ ਬੰਦੀ ਬਣਾਇਆ ਗਿਆ, ਉਸਦਾ ਪਤੀ ਕਿਹੜੇ ਹਾਲਾਤਾਂ ਵਿਚ ਦਿਨ ਕਟੀ ਕਰ ਰਿਹਾ ਹੈ। ਅੱਜ ਆਪਣੇ ਘਰ ਆਪਣੀ ਦੁੱਖ ਭਰੀ ਦਾਸਤਾਨ ਬਿਆਨ ਕਰਦਿਆਂ ਅਨੀਤਾ ਰਾਣੀ ਨੇ ਦੱਸਿਆ ਕਿ ਉਸਦਾ ਪਤੀ ਗੁਰਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ 10-9-2013 ਨੂੰ ਰੋਜੀ ਰੋਟੀ ਲਈ ਇਰਾਕ ਗਿਆ ਸੀ ਤੇ ਉਸਨੂੰ 15 ਜੂਨ 2014 ਨੂੰ ਆਪਣੇ ਸਾਥੀ 39 ਹੋਰ ਨੌਜਵਾਨਾਂ ਸਮੇਤ ਬੰਦੀ ਬਣਾ ਲਿਆ ਗਿਆ ਸੀ। ਉਸਨੇ ਰੋਂਦੀ ਹੋਈ ਨੇ ਦੱਸਿਆ ਕਿ ਅੱਜ ਪੂਰਾ ਇਕ ਸਾਲ ਹੋ ਗਿਆ ਹੈ ਉਸਦੀ ਉਸਦੇ ਪਤੀ ਨਾਲ ਕੋਈ ਗੱਲ ਨਹੀਂ ਹੋਈ । ਪਿਛਲੇ ਸਾਲ 15 ਜੂਨ ਨੂੰ ਹੀ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਸਦਾ ਪਤੀ ਇਰਾਕ ਵਿਚ ਬੰਦੀ ਬਣਾ ਲਿਆ ਹੈ। ਉਸਨੇ ਫੋਨ ਤੇ ਸਿਰਫ ਐਨਾ ਹੀ ਕਿਹਾ ਸੀ ਕਿ ਤੂੰ ਆਪਣੇ ਬੱਚਿਆਂ ਦਾ ਖਿਆਲ ਰੱਖੀਂ ਸਾਨੂੰ ਇਹ ਲੋਕ ਕਿਤੇ ਬੰਦੀ ਬਣਾਕੇ ਲਿਜਾ ਰਹੇ ਹਨ।

ਅਨੀਤਾ ਰਾਣੀ ਨੇ ਦੱਸਿਆ ਕਿ ਉਹ ਆਪਣੇ ਸਮੁੱਚੇ ਪਰਿਵਾਰ ਅਤੇ ਦੋਵੇਂ ਛੋਟੇ ਛੋਟੇ ਬੱਚਿਆਂ ਸਮੇਤ ਇਕ ਸਾਲ ਤੋਂ ਮਰ ਮਰਕੇ ਦਿਨ ਕਟੀ ਕਰ ਰਹੀ ਹੈ। ਉਸਨੇ ਦੱਸਿਆ ਕਿ ਉਸਦੇ ਪਤੀ ਦਾ ਕੋਈ ਵੀ ਥਹੁ ਪਤਾ ਨਾ ਲੱਗਣ ਕਾਰਨ ਉਹ ਬਹੁਤ ਪ੍ਰੇਸ਼ਾਂਨ ਹੈ। ਉਸਨੇ ਦੱਸਿਆ ਕਿ ਉਸਦੀ ਸੱਸ ਦਿੱਲੀ ਵਿਖੇ ਬੰਦੀ ਬਣਾਏ ਗਏ ਹੋਰ 39 ਨੌਜਵਾਨਾਂ ਦੇ ਪਰਿਵਾਰਾਂ ਵਲੋਂ ਕੀਤੀ ਜਾ ਰਹੀ ਹੜਤਾਲ ਵਿਚ ਸ਼ਾਮਿਲ ਹੋਣ ਲਈ ਦਿੱਲੀ ਗਈ ਹੋਈ ਜਿਹਨਾਂ ਨੂੰ ਹਾਲੇ ਤੱਕ ਕੇਂਦਰ ਅਤੇ ਵਿਦੇਸ਼ ਮੰਤਰਾਲੇ ਵਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹਨਾਂ ਦੇ ਲੜਕੇ ਜਿਉਂਦੇ ਹਨ ਜਾਂ ਨਹੀਂ।

ਇਸ ਮੌਕੇ ਅਨੀਤਾ ਰਾਣੀ ਦੀ ਦਰਾਣੀ ਰੀਨਾ ਪਤਨੀ ਬਹਾਦਰ ਸਿੰਘ ਨੇ ਦੱਸਿਆ ਕਿ ਸਾਡੇ ਪਰਿਵਾਰ ਦੇ ਤਿੰਨ ਲੜਕੇ ਬੰਦੀ ਬਣਾਏ ਗਏ 39ਲੜਕਿਆਂ ਵਿਚ ਸ਼ਾਮਿਲ ਹਨ। ਉਸਦੀ ਭੂਆ ਦਾ ਲੜਕਾ ਕਮਲਜੀਤ ਸਿੰਘ ਵਾਸੀ ਛਾਉਣੀ ਕਲਾਂ ਹੁਸ਼ਿਆਰਪੁਰ ਅਤੇ ਅੱਗੇ ਉਹਨਾਂ ਦਾ ਜੁਆਈ ਵੀ ਗੁਰਦੀਪ ਸਿੰਘ ਨਾਲ ਇਰਾਕ ਗਏ ਸਨ ਤੇ ਉਹ ਇਕੱਠੇ ਰਹਿ ਰਹੇ ਸਨ। ਉਹਨਾਂ ਦੀ ਵੀ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਹੋਈ।

ਪੀੜਤ ਪਰਿਵਾਰ ਨੇ ਦੱਸਿਆ ਕਿ ਅਨੀਤਾ ਰਾਣੀ ਆਪਣਾ ਪੇਟ ਪਾਲਣ ਲਈ ਨਾਲ ਲੱਗਦੇ ਸਰਕਾਰੀ ਸਕੂਲ ਬੰਬੇਲੀ ਵਿਖੇ ਰੋਟੀ ਬਣਾਉਣ ਦਾ ਕੰਮ ਕਰਦੀ ਹੈ ਜਿਸਦਾ ਉਸਨੂੰ 1200 ਰੁਪਿਆ ਮਿਹਨਤਾਨਾ ਮਿਲਦਾ ਹੈ। ਉਹਨਾਂ ਦੱਸਿਆ ਕਿ ਉਸਨੂੰ ਉਸਦੇ ਪਤੀ ਨਾਲ ਵਾਪਰੀ ਘਟਨਾ ਤੋਂ ਬਾਅਦ 10 ਮਹੀਨੇ ਗੜ੍ਹਸ਼ਕਰ ਦੇ ਐਸ ਡੀ ਐਮ ਤੋਂ ਘਰ ਖਰਚ ਲਈ 20000 ਰੁਪਿਆ ਮਹੀਨਾ ਮਿਲਦਾ ਸੀ ਜੋ ਪਿੱਛਲੇ ਦੋ ਮਹੀਨੇ ਤੋਂ ਮਿਲਣਾ ਬੰਦ ਹੋ ਗਿਆ ਹੈ। ਉਸਨੇ ਦੱਸਿਆ ਕਿ ਦੋ ਮਹੀਨੇ ਤੋਂ ਉਸਨੂੰ ਪੈਸੇ ਨਹੀਂ ਮਿਲੇ। ਸਰਕਾਰੀ ਅਧਿਕਾਰੀ ਗਾਹੇ ਬਗਾਹੇ ਘਰ ਗੇੜਾ ਮਾਰ ਕੇ ਖਬਰ ਸਾਰ ਲੈ ਜਾਂਦੇ ਹਨ ਪ੍ਰੰਤੂ ਉਹ ਉਸਦੇ ਪਤੀ ਅਤੇ ਸਾਥੀਆਂ ਬਾਰੇ ਕੁੱਝ ਵੀ ਨਹੀਂ ਦੱਸਦੇ। ਅਨੀਤਾ ਰਾਣੀ ਨੇ ਦੱਸਿਆ ਕਿ ਉਸਦੀ ਹਾਲਤ ਨੀਮ ਪਾਗਲਾਂ ਵਾਲੀ ਬਣੀ ਹੋਈ ਹੈ। ਉਸਦਾ ਮਾਪਾ ਪਰਿਵਾਰ ਵੀ ਬਹੁਤਾ ਤਕੜਾ ਨਹੀਂ ਹੈ। ਉਸਨੇ ਸਰਕਾਰ ਤੋਂ ਮੰਗ ਕੀਤੀ ਕਿ ਬੰਦੀ ਬਣਾਏ ਸਾਰੇ ਨੌਜਵਾਨਾਂ ਬਾਰੇ ਉਹਨਾਂ ਦੇ ਪਰਿਵਾਰਾਂ ਨੂੰ ਸਾਰੀ ਸਚਾਈ ਅਤੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਅਨੀਤਾ ਰਾਣੀ ਨੇ ਦੱਸਿਆ ਕਿ ਉਸਦੇ ਪਤੀ ਗੁਰਦੀਪ ਸਿੰਘ ਦੇ ਮਾਹਿਲਪੁਰ ਪੀ ਐਨ ਬੀ ਬੈਂਕ ਦੇ ਖਾਤੇ ਵਿਚ 1ਲੱਖ 20000 ਰੁਪਿਆ ਹੈ। ਉਸਨੂੰ ਪੈਸੇ ਦੀ ਬਹੁਤ ਲੋੜ ਹੈ ਪ੍ਰੰਤੂ ਬੈਂਕ ਵਾਲੇ ਸਾਰੀ ਕਹਾਣੀ ਦੱਸਣ ਦੇ ਬਾਵਜੂਦ ਵੀ ਉਸਨੂੰ ਪੈਸੇ ਨਹੀਂ ਦੇ ਰਹੇ।

ਉਸਨੇ ਦੱਸਿਆ ਕਿ ਉਸਦੀ ਰੂਹ ਕੰਬ ਜਾਂਦੀ ਹੈ ਜਦ ਕੋਈ ਇਸ ਸਬੰਧ ਵਿਚ ਉਸਨੂੰ ਕੋਈ ਖਬਰ ਬਾਰੇ ਪੂੱਛਦਾ ਹੈ। ਉਸਨੇ ਦੱਸਿਆ ਕਿ ਬੀਤੇ ਦਿਨ ਇਕ ਨੌਜਵਾਨ ਹਰਜੀਤ ਮਸੀਹ ਜੋ ਕਿ ਬੰਦੀ ਬਣਾਉਣ ਸਮੇਂ 40 ਵਾਂ ਸਾਥੀ ਸੀ ਤੇ ਉਸਦੇ ਗਿੱਟੇ ਵਿਚ ਗੋਲੀ ਮਾਰੀ ਗਈ ਸੀ ਨੇ ਜਾਣਕਾਰੀ ਦਿੱਤੀ ਕਿ ਬੰਦਕ ਬਣਾਉਣ ਵਾਲੇ ਬੜੇ ਬੇਰਹਿਮ ਸਨ ਉਹਨਾਂ ਨੇ ਮੌਕੇ ਤੇ ਹੀ ਬੰਗਲਾ ਦੇਸੀ ਅਤੇ ਭਾਰਤੀ ਨੌਜਵਾਨ ਅਲੱਗ ਅਲੱਗ ਕਰ ਦਿੱਤੇ ਸਨ। ਅਨੀਤਾ ਰਾਣੀ ਨੇ ਦੱਸਿਆ ਕਿ ਉਕਤ ਲੜਕੇ ਨੇ ਇਸ ਤੋਂ ਬਾਅਦ ਅੱਗੇ ਕਦੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਜਦਕਿ ਸਾਰੇ ਨੌਜਵਾਨਾਂ ਦੇ ਪਰਿਵਾਰ ਉਸਨੂੰ ਮਿਲਣ ਲਈ ਸੰਪਰਕ ਕਰਦੇ ਰਹੇ ਹਨ। ਅਨੀਤਾ ਰਾਣੀ (ਪਤਨੀ), ਰੀਨਾ ਰਾਣੀ ਦਰਾਣੀ ਅਤੇ ਭੈਣਾ , ਬੱਚੇ ਅਤੇ ਮਾਤਾ ਸੁਰਿੰਦਰ ਕੌਰ ਅਤੇ ਪਿਤਾ ਮੁਖਤਿਆਰ ਸਿੰਘ ਆਪਣੇ ਲੜਕੇ ਗੁਰਦੀਪ ਦੀ ਕੋਈ ਵੀ ਉੱਘ ਸੁੱਘ ਨਾ ਮਿਲਣ ਕਾਰਨ ਅਤਿ ਦੇ ਪ੍ਰੇਸ਼ਾਂਨ ਹਨ ਅਤੇ ਉਹਨਾਂ ਦੀ ਹਾਲਤ ਬਹੁਤ ਹੀ ਤਰਸਯੋਗ ਵਾਲੀ ਬਣੀ ਹੋਈ ਹੈ।

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ