Fri, 26 April 2024
Your Visitor Number :-   7004039
SuhisaverSuhisaver Suhisaver

ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ -ਮਨਦੀਪ

Posted on:- 10-08-2012

12 ਅਗਸਤ ਬਰਸੀ 'ਤੇ ।

ਪੰਦਰਾਂ ਵਰ੍ਹੇ ਪਹਿਲਾਂ ਮਹਿਲਕਲਾਂ ਵਿਖੇ ਕਿਰਨਜੀਤ ਕਤਲ ਕਾਂਡ ਵਾਪਰਿਆ। ਸਕੂਲ ਪੜ੍ਹਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕਰਨ ਉਪਰੰਤ ਉਸ ਨੂੰ ਕਤਲ ਕਰ ਦਿੱਤਾ ਗਿਆ। ਇਸ ਵਹਿਸ਼ੀ ਕਾਰੇ ਨੂੰ ਅੰਜ਼ਾਮ ਦੇਣ ਵਾਲੇ ਅਪਰਾਧੀ ਸਿਆਸੀ ਅਸਰ ਰਸੂਖ ਰੱਖਣ ਵਾਲੇ ਘਰਾਣੇ ਦੇ ‘ਕਾਕੇ' ਸਨ। ਉਂਝ ਵੀ ਸਾਡੇ ਸਮਾਜ ਦੀ ਆਮ ਧਾਰਨਾ ਹੈ ਕਿ ਅਜਿਹੇ ਅਣਮਨੁੱਖੀ ਕੁਕਰਮ ਕਰਨ ਵਾਲੇ ਅਨਸਰ ਸਿਆਸੀ ਲੋਕ ਜਾਂ ਸਿਆਸੀ ਸ਼ਹਿ ਪ੍ਰਾਪਤ ਲੋਕ ਹੀ ਹੁੰਦੇ ਹਨ। ਇਸ ਕਤਲ ਕਾਂਡ ਦੇ ਸਬੰਧ ਵਿਚ ਵੀ ਇਹੀ ਪੁਖਤਾ ਹੈ।

ਮਹਿਲਕਲਾਂ ਦੀ ਧਰਤੀ ਨੇ ਇਕ ਮਾਸੂਮ ਬੱਚੀ ਦੇ ਸਮੂਹਿਕ ਬਲਾਤਕਾਰ ਤੇ ਕਤਲ ਖਿਲਾਫ਼ ਅਗਸਤ 1997 ਤੋਂ ਲੈ ਕੇ ਹੁਣ ਤੱਕ ਇਕ ਇਤਿਹਾਸ ਸਿਰਜਿਆ ਹੈ। ਕਾਤਲਾਂ, ਬਲਾਤਕਾਰੀਆਂ ਨੂੰ ਸਜ਼ਾਵਾਂ ਦਿਵਾਉਣ, ਭ੍ਰਿਸ਼ਟ ਅਫ਼ਸਰਾਂ ਨੂੰ ਘਰ ਦਾ ਰਾਹ ਵਿਖਾਉਣ, ਗੁੰਡਾ, ਪੁਲਿਸ, ਸਿਆਸੀ ਤੇ ਅਦਾਲਤੀ ਗਠਜੋੜ ਦਾ ਚਿਹਰਾ ਲੀਰੋਲੀਰ ਕਰਨ, ਸਮੇਂ ਦੇ ਹਾਕਮਾਂ ਦਾ ਇਸ ਗੱਠਜੋੜ ਪੱਖੀ ਰਵੱਈਆ ਨੰਗਾ ਕਰਨ 'ਚ ਵਿਦਿਆਰਥਣ ਕਿਰਨਜੀਤ ਦੇ ਬਲਾਤਕਾਰ/ਅਗਵਾ/ਕਤਲ ਕਾਂਡ ਵਿਰੋਧੀ ਘੋਲ ਨੇ ਲੋਕ ਸੰਘਰਸ਼ਾਂ ਦਾ ਇਕ ਨਵਾਂ ਮੀਲ ਪੱਥਰ ਗੱਡਿਆ ਹੈ। ਇਸ ਹਿਰਦੇਵੇਦਿਕ ਘਟਨਾ ਖਿਲਾਫ਼ ਐਕਸ਼ਨ ਕਮੇਟੀ ਵੱਲੋਂ ਕੇਸ ਦੀ ਨਿਰੰਤਰ ਜਨਤਕ ਅਤੇ ਕਾਨੂੰਨੀ ਪੈਰਵਾਈ ਨੇ ਮਹਿਲ ਕਲਾਂ ਬਰਨਾਲਾ ਇਲਾਕੇ ਦੇ ਲੋਕਾਂ 'ਚ ਇਸ ਸੁਚੱਜੀ ਦਲੇਰ ਅਗਵਾਈ ਨੇ ਆਪਣੀਆਂ ਅਮਿੱਟ ਪੈੜਾਂ ਛੱਡੀਆਂ ਹਨ। ਇਹੀ ਕਾਰਨ ਹੈ ਕਿ ਇਸ ਐਕਸ਼ਨ ਕਮੇਟੀ ਦੇ ਤਿੰਨ ਲੋਕ ਆਗੂਆਂ (ਨਰਾਇਣ ਦੱਤ, ਮਨਜੀਤ ਧਨੇਰ, ਪ੍ਰੇਮ ਕੁਮਾਰ) ਨੂੰ ਬਲਾਤਕਾਰੀ ਅਤੇ ਕਾਤਲ ਧਿਰ ਵੱਲੋਂ ਪੁਲਿਸ ਨਾਲ ਮਿਲਕੇ ਇਕ ਡੂੰਘੀ ਸਾਜਿਸ਼ ਤਹਿਤ ਝੂਠੇ ਕਤਲ ਕੇਸ 'ਚ ਫਸਾਉਣ ਤੇ 30 ਮਾਰਚ 2005 ਨੂੰ ਝੂਠੀਆਂ ਗਵਾਈਆਂ ਦੇ ਅਧਾਰ 'ਤੇ ਉਮਰ ਕੈਦ ਦੀ ਸਜ਼ਾ ਤਹਿਤ ਬਠਿੰਡਾ ਜੇਲ੍ਹ 'ਚ ਡੱਕ ਦੇਣ ਦੇ ਬਾਵਜੂਦ, ਮਹਿਲ ਕਲਾਂ ਦੀ ਧਰਤੀ ਝੁਕੀ ਨਹੀਂ। ਪੰਜਾਬ ਦੇ ਲੋਕਾਂ ਖ਼ੌਫ ਨਹੀਂ ਖਾਧਾ, ਲੋਕਾਂ ਈਨ ਨਹੀਂ ਮੰਨੀ ਸਗੋਂ ਪਹਿਲਾਂ ਨਾਲੋਂ ਵੀ ਵੱਧ ਦਲੇਰੀ ਤੇ ਜੋਸ਼ ਨਾਲ ਤਿੰਨ ਲੋਕ ਆਗੂਆਂ ਦੀ ਸਜ਼ਾ ਰੱਦ ਕਰਵਾਉਣ ਲਈ ਪੰਜਾਬ ਦੀਆਂ 19 ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਸੰਘਰਸ਼ ਕਮੇਟੀ ਬਣਾ ਕੇ ਪੰਜਾਬ ਦੇ ਹਾਕਮਾਂ ਨੂੰ ਵਖ਼ਤ ਪਾਈ ਰੱਖਿਆ।

ਮਹਿਲ ਕਲਾਂ ਦੇ ਇਸ ਸ਼ਾਨਾਮੱਤੇ ਸੰਘਰਸ਼ ਦੀ ਦਾਸਤਾਨ ਨੂੰ ਚੰਡੀਗੜ੍ਹ ਵਸਦੇ ਫ਼ਿਲਮਸਾਜ ਦਲਜੀਤ ਅਮੀ ਨੇ ਆਪਣੀ ਜਾਨਦਾਰ ਤੇ ਵਿਲੱਖਣ ਅੱਖ ਨਾਲ ਸਮੁੱਚੀਆਂ ਘਟਨਾਵਾਂ ਨੂੰ ਕੈਮਰੇ 'ਚ ਬੰਦ ਕਰਦਿਆਂ ‘ਹਰ ਮਿੱਟੀ ਕੁਟਿਆਂ ਨਹੀਂ ਭੁਰਦੀ' ਨਾਂ ਦੀ ਦਸਤਾਵੇਜੀ ਫ਼ਿਲਮ ਬਣਾਈ। ਇਕ ਘੰਟਾ ਅਠਾਹਰਾਂ ਮਿੰਟ ਲੰਬੀ ਇਸ ਦਸਤਾਵੇਜੀ ਫ਼ਿਲਮ ਰਾਹੀਂ ਉਸ ਨੇ ਲੋਕ ਸੰਘਰਸ਼ਾਂ ਨਾਲ ਪੂਰਾ ਇਨਸਾਫ਼ ਕੀਤਾ। ਕਿਰਨਜੀਤ ਜਿਸ ਦਲੇਰੀ ਤੇ ਸੂਰਮਗਤੀ ਨਾਲ ਇਕੱਲੀ ਗੁੰਡਿਆਂ ਨਾਲ ਭਿੜਦੀ ਕੁਰਬਾਨ ਹੋ ਗਈ, ਔਰਤ ਪ੍ਰਤੀ, ਰਾਜਨੀਤਿਕ ਸਮਾਜਕ ਰਵੱਈਏ ਦੇ ਜਿਸ ਤਰ੍ਹਾਂ ਉਸ ਦੀ ਕੁਰਬਾਨੀ ਦੇ ਪਰਖਚੇ ਉਡਾਏ। ਜਿਵੇਂ ਕਿਰਨਜੀਤ ਔਰਤ ਮੁਕਤੀ ਲਈ ਲੋਕ ਸੰਘਰਸ਼ ਦੀ ਪ੍ਰਤੀਕ ਬਣ ਗਈ। ਇਨ੍ਹਾਂ ਸਾਰੇ ਪੱਖਾਂ ਨੂੰ ਫਿਲਮਸਾਜ ਨੇ ਬਾਖੂਬੀ ਉਘਾੜਿਆ। ਸਾਰੀਆਂ ਹੀ ਜਥੇਬੰਦੀਆਂ/ਧਿਰਾਂ ਵੱਲੋਂ ਲੋਕ ਲਹਿਰ ਤੇ ਹੋਏ ਇਸ ਹਮਲੇ ਦਾ ਜਿਵੇਂ ਟਾਕਰਾ ਕੀਤਾ ਜਾ ਰਿਹਾ ਹੈ ਤੇ ਪੰਜਾਬ 'ਚ ਸਾਂਝੇ ਸੰਘਰਸ਼ਾਂ ਦਾ ਪੜੁਲ ਬੰਨਣ 'ਚ ਇਹ ਇਤਿਹਾਸਕ ਦਸਤਾਵੇਜ਼ ਆਉਣ ਵਾਲੀਆਂ ਨਸਲਾਂ ਲਈ ਮਾਰਗ ਦਰਸ਼ਕ ਬਣੇਗਾ।

ਡੇਢ ਦਹਾਕਾ ਬੀਤ ਜਾਣ 'ਤੇ ਵੀ ਇਹ ਸੰਘਰਸ਼ ਬਾਦਸਤੂਰ ਜਾਰੀ ਹੈ। ਇਹ ਜਬਰ ਤੇ ਇਨਸਾਫ਼ ਵਿਚਕਾਰ ਲਕੀਰ ਖਿੱਚਵੀਂ ਲੜ੍ਹਾਈ ਹੈ। ਜਿਥੇ ਇਸ ਸੰਘਰਸ਼ ਨੇ ਕਈ ਅਹਿਮ ਸਬਕ ਦਿੱਤੇ ਹਨ ਉਥੇ ਇਸ ਨੂੰ ਹਾਲੇ ਵੀ ਚੁਣੌਤੀਆਂ ਦਰਪੇਸ਼ ਹਨ। ਇਸ ਦੇ ਜਰੂਰੀ ਸਬਕਾਂ ਵਿਚੋਂ ਸਿਰਕੱਢ ਇਹ ਹੈ ਕਿ ਜਿੱਥੇ ਜਬਰ ਹੈ ਉਥੇ ਟੱਕਰ ਵੀ ਹੈ। ਜਬਰ ਖ਼ਿਲਾਫ ਵਿਸ਼ਾਲ ਲੋਕ ਲਾਮਬੰਦੀ, ਸਾਰੀਆਂ ਲੋਕ ਪੱਖੀ ਜਥੇਬੰਦੀਆਂ/ਧਿਰਾਂ ਦੀ ਸਾਂਝੀ ਸਰਗਰਮੀ, ਪੰਦਰਾਂ ਵਰ੍ਹਿਆਂ ਦੀ ਲਗਾਤਾਰ ਅਣਥੱਕ ਲੋਕ ਪ੍ਰਤੀਬੱਧਤਾ, ਆਦਿ ਇਸ ਘੋਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਹਨ। ਜਿਸ ਜਵੇ ਨਾਲ ਕਿਰਨਜੀਤ ਨੇ ਸ਼ਹਾਦਤ ਪਾਈ ਤੇ ਐਕਸ਼ਨ ਕਮੇਟੀ ਨੇ ਸੁਚੱਜੀ ਅਗਵਾਈ ਕੀਤੀ ਉਸ ਦੇ ਫਲਸਰੂਪ ਅਜੇ ਪੰਜਾਬ ਅੰਦਰ (ਖਾਸਕਰ ਇਲਾਕੇ 'ਚ) ਕਿਰਨਜੀਤ ਸਵੈਮਾਨੀ ਔਰਤਾਂ ਲਈ ਲੁਟ ਜਬਰ ਖਿਲਾਫ਼ ‘ਸੰਘਰਸ਼ ਦਾ ਪ੍ਰਤੀਕ' ਬਣ ਜਿਉਂ ਰਹੀ ਹੈ। ਅੱਜ ਵੀ ਅਣਖ-ਆਬਰੂ ਤੇ ਸਵੈਮਾਣ ਦੇ ਰਖਵਾਲੇ ਹਜ਼ਾਰਾਂ ਮੇਹਨਤਕਸ਼ ਲੋਕ ਪੰਜਾਬ ਭਰ 'ਚੋਂ ਕਾਫ਼ਲੇ ਬੰਨ੍ਹਕੇ, ਲੁੱਟ ਜਬਰ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਲਈ ਹਰ ਸਾਲ 12 ਅਗਸਤ ਨੂੰ ਮਹਿਲਕਲਾਂ ਦੀ ਧਰਤ ਨੂੰ ਸਲਾਮ ਕਰਨ ਆਉਂਦੇ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਇਹ ਸੁਲੱਖਣੀ ਧਰਤੀ ਕਿਰਤੀ ਲੋਕਾਂ ਤੇ ਉਨ੍ਹਾਂ ਦੀਆਂ ਔਰਤਾਂ ਉਤੋਂ ਹਰ ਤਰ੍ਹਾਂ ਦੇ ਲੁੱਟ ਜਬਰ ਨੂੰ ਵਗਾਹ ਮਾਰਨ ਲਈ, ਉਨ੍ਹਾਂ ਦੀ ਗੈਰਤ ਨੂੰ ਵੰਗਾਰਦੀ ਹੈ।

ਸੰਘਰਸ਼ ਦੀਆਂ ਇਨ੍ਹਾਂ ਅਹਿਮ ਪ੍ਰਾਪਤੀਆਂ ਦੇ ਬਾਵਜੂਦ ਵੀ ਚੁਣੌਤੀਆਂ ਵਿਕਰਾਲ ਹਨ। ਕਿਰਨਜੀਤ ਕਤਲ ਕਾਂਡ ਨਾ ਤਾਂ ਪਹਿਲਾਂ ਕਤਲ ਕਾਂਡ ਹੈ ਤੇ ਨਾ ਹੀ ਆਖਰੀ। ਇਸੇ ਤਰ੍ਹਾਂ ਲੋਕ ਦੋਖੀ ਕਾਰਿਆਂ ਤੇ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਉਪਰ ਜਬਰ ਤਸ਼ੱਦਦ ਵੀ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ ਹੈ। ਇਸ ਕਤਲ ਕਾਂਡ ਦੀ ਅਗਵਾਈ ਕਰ ਰਹੇ ਤਿੰਨ ਲੋਕ ਆਗੂਆਂ ਨੂੰ ਝੂਠੇ ਕੇਸਾਂ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਲੋਕ ਤਾਕਤ ਜ਼ਰੀਏ ਗਵਰਨਰ ਪੰਜਾਬ ਨੂੰ ਨਰਾਇਣ ਦੱਤ ਤੇ ਪ੍ਰੇਮ ਕੁਮਾਰ ਦੀ ਸਜ਼ਾ ਰੱਦ ਕਰਨੀ ਪਈ। ਤੀਸਰੇ ਆਗੂ ਮਨਜੀਤ ਧਨੇਰ ਦੀ ਸਜ਼ਾ ਹਾਲੇ ਬਰਕਰਾਰ ਹੈ। ਇਹ ਅਗਾਂਹਵਧੂ, ਲੋਕ ਪੱਖੀ ਤੇ ਜਮਹੂਰੀ ਹਲਕਿਆਂ ਲਈ ਹਾਕਮ ਜਮਾਤਾਂ ਵੱਲੋਂ ਸਬਕ ਸਿਖਾਉਣ ਦੇ ਮਨਸ਼ੇ ਨਾਲ ਖੜਾ ਕੀਤਾ ਗਿਆ ਇਕ ਚੈਲੰਜ ਹੈ।

ਲੋਕ ਆਗੂ ਮਨਜੀਤ ਧਨੇਰ ਦੀ ਬਹਾਲ ਰੱਖੀ ਉਮਰ ਕੈਦ ਸਜ਼ਾ ਰੱਦ ਕਰਵਾਉਣ ਅਤੇ ਸ਼ਹੀਦ ਵਿਦਿਆਰਥਣ ਕਿਰਨਜੀਤ ਕੌਰ ਦੀ 15ਵੀਂ ਬਰਸੀ ‘‘ਔਰਤ ਜਬਰ ਵਿਰੋਧੀ ਦਿਵਸ'' ਵਜੋਂ ਮਨਾਉਣ ਲਈ 12 ਅਗਸਤ ਦਿਨ ਐਤਵਾਰ ਨੂੰ ਸਵੇਰੇ 10 ਵਜੇ ਦਾਣਾ ਮੰਡੀ, ਮਹਿਲਕਲਾਂ ਵਿਖੇ ਵੱਡੀ ਲੋਕ ਲਾਮਬੰਦੀ ਕੀਤੀ ਜਾ ਰਹੀ ਹੈ।

ਸੰਪਰਕ :  98764 42052

Comments

Avtar Sidhu

ਮੈਨੂੰ ਇਸ ਘਟਨਾ ਦੇ ਮੂਡ ਤੋਂ ਖਬਰਸਾਰ ਰਹੀ ਹੇ ,ਅਤੇ ਅਗਸਤ 2005 ਵਿਚ ਮਿਹਲ ਕਲਾਂ ਦੀ ਰੈਲੀ ਵਿਚ ਸ਼ਾਮਲ ਹੋਣ ਦਾ ਮੌਕਾ ਲਗਾ ,ਇਹ ਘੋਲ ਵਿਚ ਪੰਜਾਬ ਦੀ ਅਫਸਰਸ਼ਾਹੀ ,ਸਰਕਾਰ ਤੇ ਗੁੰਡਾ ਅਨਸਰ ਕਿਸ ਤਰਾਂ ਸ਼ਾਮਿਲ ਹੋਏ ,ਸਭ ਦਾ ਖਾਸਾ ਚੰਗੀ ਤਰਾਂ ਨੰਗਾ ਹੁੰਦਾ ਹੇ !ਕਿਰਨਜੀਤ ਜੁਲਮ ਦਾ ਬਿੰਬ ਬਣੀ ,ਤੇ ਲੋਕ ਏਕਤਾ ਦਾ ਜਬਰਦਸਤ ਰੋਲ ਕਾਇਲ ਕਰਦਾ ਹੇ ,ਜਿਨੇ ਵੀ ਵਰਕਰ ਇਸ ਘੋਲ ਵਿਚ ਸ਼ਾਮਿਲ ਹੋਏ ਅਤੇ ਹਨ ..ਮੇਰਾ ਸਭ ਨੂੰ ਲਾਲ ਸਲਾਮ

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ